
ਕਿਹਾ -ਪੰਜਾਬ ਵਿਚ 185 ਲੱਖ ਟਨ ਝੋਨਾ ਪੈਦਾ ਹੋਣ ਦੀ ਆਸ
Punjab News : ਪੰਜਾਬ ਵਿਚ ਮੰਡੀਆਂ ਝੋਨੇ ਨਾਲ ਭਰੀਆਂ ਪਈਆਂ ਹਨ। ਸ਼ੈਲਰ ਮਾਲਕ ਝੋਨਾ ਸ਼ੈਲਰਾਂ ਵਿਚ ਲਵਾਉਣ ਲਈ ਸਰਕਾਰ ਨਾਲ ਸਮਝੌਤਾ ਨਹੀਂ ਕਰ ਰਹੇ। ਆੜ੍ਹਤੀ ਝੋਨਾ ਮੰਡੀਆਂ ਵਿਚੋਂ ਨਾ ਚੁੱਕੇ ਜਾਣ ਦੇ ਡਰੋਂ ਭਾਅ ਲੁਆਉਣ ਵਿਚ ਆਨਾਕਾਨੀ ਕਰ ਰਹੇ ਹਨ।
ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਜ਼ਿੰਮੇਵਾਰੀ ਤੋਂ ਟਾਲਾ ਵੱਟ ਰਹੇ ਹਨ, ਝੋਨੇ ਦਾ ਭਾਅ ਨਹੀਂ ਲਾ ਰਹੇ। ਅਜਿਹੀ ਸਥਿਤੀ ਵਿਚਾਲੇ ਕਿਸਾਨ ਪਿਸ ਰਹੇ ਹਨ। ਕਈ ਕਿਸਾਨ ਮਾਯੂਸੀ ਅਤੇ ਮਜਬੂਰੀਵੱਸ ਝੋਨਾ ਸਰਕਾਰੀ ਭਾਅ ਤੋਂ ਘੱਟ ਭਾਅ ਉੱਤੇ ਵੇਚ ਰਹੇ ਹਨ। ਇਹ ਗੱਲ ਅੱਜ ਇਥੋਂ ਜਾਰੀ ਕੀਤੇ ਇਕ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ।
ਉਨ੍ਹਾਂ ਕਿਹਾ ਕਿ ਸਰਕਾਰ ਗੰਭੀਰ ਨਹੀਂ, ਹਰ ਰੋਜ਼ ਝੂਠੇ ਲਾਰੇ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਲਗਦਾ ਹੈ ਸਰਕਾਰ ਦੀਆਂ ਗ਼ਲਤੀਆਂ ਕਾਰਨ ਇਸ ਸਾਲ ਪੰਜਾਬ ਵਿਚ ਝੋਨਾ ਰੁਲੇਗਾ ,ਜਿਸ ਨਾਲ ਪੰਜਾਬ ਦਾ ਸਮੁੱਚਾ ਅਰਥਚਾਰਾ ਡਗਮਗਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿਚ 185 ਲੱਖ ਟਨ ਝੋਨਾ ਪੈਦਾ ਹੋਣ ਦੀ ਆਸ ਹੈ। ਇਸ ਦੀ ਖ਼ਰੀਦ ਲਈ 43000 ਕਰੋੜ ਦੀ ਬੈਂਕ ਲਿਮਟ ਜਾਰੀ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਝੋਨੇ ਦੀ ਖ਼ਰੀਦ ਲਈ ਪੂਰੇ ਪ੍ਰਬੰਧ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਦਾਮ ਪਿਛਲੇ ਸਾਲ ਦੇ ਚਾਵਲਾਂ ਅਤੇ ਕਣਕ ਨਾਲ ਪੂਰੇ ਭਰੇ ਪਏ ਹਨ ਜਿਸ ਨੂੰ ਪੰਜਾਬੋਂ ਬਾਹਰ ਭੇਜਣ ਦੇ ਪੂਰੇ ਪ੍ਰਬੰਧ ਨਹੀਂ ਜਿਸ ਰਫ਼ਤਾਰ ਨਾਲ ਪਿਛਲਾ ਚਾਵਲਾਂ ਦਾ ਸਟਾਕ ਬਾਹਰ ਭੇਜਿਆ ਜਾ ਰਿਹਾ ਹੈ, ਉਸ ਅਨੁਸਾਰ ਇਹ ਕੰਮ ਨੂੰ ਇਕ ਸਾਲ ਤੋਂ ਵੱਧ ਲੱਗੇਗਾ।
ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਕਲ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਇਕ ਹੰਗਾਮੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਜਥੇਬੰਦੀਆਂ ਨੂੰ ਵੀ ਬੁਲਾਇਆ ਗਿਆ। ਪੰਜਾਬ ਨੂੰ ਇਸ ਆਰਥਕ ਬਰਬਾਦੀ ਤੋਂ ਬਚਾਉਣ ਲਈ ਇਸ ਮੀਟਿੰਗ ਵਿਚ ਅਗਲੇ ਅੰਦੋਲਨ ਲਈ ਸਖ਼ਤ ਫ਼ੈਸਲੇ ਲਏ ਜਾਣਗੇ।