
ਵੈੱਬ ਪੋਰਟਲ ਪ੍ਰਭਾਵੀ ਢੰਗ ਨਾਲ ਸੂਬੇ ਦਾ ਵਿਆਪਕ ਵਿਕਾਸ ਕਰਨ ਵਿਚ ਹੋਣਗੇ ਸਹਾਈ
ਚੰਡੀਗੜ: ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਭਵਨ ਵਿਖੇ ਇਕ ਸਮਾਗਮ ਦੌਰਾਨ ਦੋ ਜੀ.ਆਈ.ਐਸ (ਭੂਗੋਲਿਕ ਸੂਚਨਾ ਸਿਸਟਮ) ਵੈੱਬ ਪੋਰਟਲਾਂ ਦੀ ਸ਼ੁਰੂਆਤ ਕੀਤੀ। ਇਹ ਸਮਾਗਮ ਪੰਜਾਬ ਦੇ ਯੋਜਨਾਬੰਦੀ ਵਿਭਾਗ ਦੇ ਆਰਥਿਕ ਅਤੇ ਅੰਕੜਾ ਸੰਗਠਨ (ਈਐਸਓ), ਵਲੋਂ ਭਾਸਕਾਚਾਰੀਆ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਜ਼ ਅਤੇ ਜੀਓ-ਇਨਫਰਮੇਟਿਕਸ (ਬੀ.ਆਈ.ਐਸ.ਏ.ਜੀ), ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਐਮਈਆਈਟੀਵਾਈ) ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ‘ਪੰਜਾਬ ਜੀ.ਆਈ.ਐਸ’ ਅਤੇ ‘ਵਿਲੇਜ ਜੀ.ਆਈ.ਐਸ’ ਨਾਮੀਂ ਵੈੱਬ ਪੋਰਟਲ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਸੁਚਾਰੂ ਪ੍ਰਸਾਸ਼ਨ ਅਤੇ ਲੋਕ ਪੱਖੀ ਸੇਵਾਵਾਂ ਦੇਣ ਵਿਚ ਲਾਭਕਾਰੀ ਸਿੱਧ ਹੋਣਗੇ। ਉਨਾਂ ਕਿਹਾ ਕਿ ਇਨਾਂ ਦੀ ਵਰਤੋਂ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਵਿਚ ਵੀ ਵਾਧਾ ਹੋਵੇਗਾ ਕਿਉਂ ਕਿ ਵੱਖ-ਵੱਖ ਸਕੀਮਾਂ ਬਣਾਉਣ ਅਤੇ ਲੋਕਾਂ ਨੂੰ ਚੰਗਾ ਪ੍ਰਸਾਸ਼ਨ ਦੇਣ ਵਿਚ ਇਨਾਂ ਵੈੱਬ ਪੋਰਟਲਾਂ ਤੋਂ ਲਿਆ ਡਾਟਾ ਸਕਾਰਾਤਮਕ ਭੂਮਿਕਾ ਅਦਾ ਕਰੇਗਾ।
Manpreet Singh Badal
ਉਨਾਂ ਦੱਸਿਆ ਕਿ ਪੋਰਟਲ ਈਐਸਓ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ‘ਤੇ ਪਾਈ ਗਈ ਜਾਣਕਾਰੀ ਜ਼ਮੀਨੀ ਪੱਧਰ ‘ਤੇ ਪਿੰਡਾਂ ਦੀ ਵਿਆਪਕ ਯੋਜਨਾਬੰਦੀ ਅਤੇ ਵਿਕਾਸ ਲਈ ਸਹਾਈ ਹੋਵੇਗੀ। ਇਸੇ ਤਰਾਂ ਪੋਰਟਲ ://...// ਵਿੱਚ ਰਾਜ ਸਰਕਾਰ ਦੇ ਪ੍ਰਮੁੱਖ ਵਿਭਾਗਾਂ ਜਿਵੇਂ ਕਿ ਪਸ਼ੂ ਪਾਲਣ ਵਿਭਾਗ, ਨਹਿਰੀ, ਜਨਗਣਨਾ, ਸਿੱਖਿਆ, ਸਿਹਤ, ਸੇਵਾ ਕੇਂਦਰ, ਐਮ.ਪੀ.ਐਲ.ਏ.ਡੀ, ਸੈਰ ਸਪਾਟਾ ਅਤੇ ਜਲ ਸਰੋਤ ਵਿਭਾਗਾਂ ਦੀ ਜਾਣਕਾਰੀ ਸ਼ਾਮਲ ਹੈ।
Manpreet Singh Badal
ਵਿੱਤ ਮੰਤਰੀ ਨੇ ਕਿਹਾ ਕਿ ਜੀ.ਆਈ.ਐਸ ਤਕਨਾਲੋਜੀ ਨਾਲ ਜ਼ਮੀਨੀ ਪੱਧਰ ‘ਤੇ ਫੈਸਲੇ ਲੈਣ ਵਿਚ ਮਦਦ ਮਿਲੇਗੀ। ਪੰਜਾਬ ਸਰਕਾਰ ਵਿੱਚ ਯੋਜਨਾਬੰਦੀ ਅਤੇ ਹੋਰ ਫੈਸਲੇ ਲੈਣ ਲਈ ਜੀ.ਆਈ.ਐਸ ਤਕਨਾਲੋਜੀ ਨੂੰ ਅਪਨਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਦੇ ਸਾਰੇ ਵੱਡੇ ਵਿਭਾਗਾਂ ਦੀ ਜਾਣਕਾਰੀ ਜੀ.ਆਈ.ਐਸ ਦੇ ਪਹਿਲੇ ਪੜਾਅ ਵਿੱਚ ਸ਼ਾਮਲ ਕਰ ਲਈ ਗਈ ਹੈ। ਉਨਾਂ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਇਹ ਦੋਵੇਂ ਪੋਰਟਲ ‘ਪੰਜਾਬ ਜੀ.ਆਈ.ਐਸ’ ਅਤੇ ‘ਵਿਲੇਜ ਜੀ.ਆਈ.ਐਸ’ ਸੂਬੇ ਵਿੱਚ ਯੋਜਨਾਬੰਦੀ ਦੇ ਉਦੇਸ਼ਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਣਗੇ।
ਸਮਾਗਮ ਦੌਰਾਨ ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰਾਂ ਅਨਿਰੁਧ ਤਿਵਾੜੀ ਨੇ ਜੀ.ਆਈ.ਐਸ ਅਤੇ ਆਈ.ਟੀ ਟੈਕਨਾਲੋਜੀ ਨੂੰ ਏਕੀਕਿ੍ਰਤ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਲੋਕਾਂ ਦੇ ਫਾਇਦੇ ਲਈ ਮਜ਼ਬੂਤ ਨੀਤੀਆਂ ਬਣਾਉਣ ਵਿਚ ਸਰਕਾਰ ਦੀ ਮਦਦ ਹੋ ਸਕੇ। ਉਨਾਂ ਖੇਤੀਬਾੜੀ, ਜਲ ਸਰੋਤ, ਪੇਂਡੂ ਅਤੇ ਸ਼ਹਿਰੀ ਵਿਕਾਸ ਯੋਜਨਾਬੰਦੀ ਵਿੱਚ ਜੀ.ਆਈ.ਐਸ ਤਕਨਾਲੋਜੀ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ‘ਤੇ ਜ਼ੋਰ ਦਿੱਤਾ।
ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਐਮ.ਐਲ ਸ਼ਰਮਾ ਨੇ ਕਿਹਾ ਕਿ ਭੂਗੋਲਿਕ ਜਾਣਕਾਰੀ ਪ੍ਰਣਾਲੀ (ਜੀ.ਆਈ.ਐਸ) ਨੀਤੀਗਤ ਢਾਂਚੇ ਅਤੇ ਰੋਜ਼ਮਰਾ ਦੀ ਯੋਜਨਾਬੰਦੀ ਲਈ ਪ੍ਰਭਾਵਸ਼ਾਲੀ ਫੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨਾਂ ਕਿਹਾ ਕਿ ਜੀ.ਆਈ.ਐਸ ਤਕਨਾਲੋਜੀ ਕੁਦਰਤੀ, ਸਮਾਜਕ, ਸਭਿਆਚਾਰਕ ਭਿੰਨਤਾਵਾਂ ਨੂੰ ਸਮਝਣ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਰੂਪ ਰੇਖਾ ਤਿਆਰ ਕਰਨ ਲਈ ਇਕ ਸ਼ਾਨਦਾਰ ਉੱਦਮ ਹੈ।
ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਕੌਮੀ ਈ-ਗਵਰਨੈੱਸ ਡਵੀਜ਼ਨ ਦੇ ਪ੍ਰੈਜ਼ੀਡੈੱਟ ਅਤੇ ਸੀ.ਈ.ਓ ਅਭਿਸ਼ੇਕ ਸਿੰਘ ਅਤੇ ਬਿਸਾਗ-ਐਨ, ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਡਾਇਰੈਕਟਰ ਜਨਰਲ ਡਾ. ਟੀ.ਪੀ ਸਿੰਘ ਨੇ ਜੀ.ਆਈ.ਐਸ ਡਾਟਾਬੇਸ ਤਿਆਰ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਆਰਥਿਕ ਅਤੇ ਅੰਕੜਾ ਸੰਗਠਨ ਦੇ ਸੰਯੁਕਤ ਡਾਇਰੈਕਟਰ ਹਰਵਿੰਦਰ ਸਿੰਘ ਅਤੇ ਪ੍ਰੋਜੈਕਟ ਲੀਡਰ ਡਾ. ਆਰ.ਕੇ.ਸੇਤੀਆ ਨੇ ਕਿਹਾ ਕਿ ਇਨਾਂ ਵੈੱਬ ਪੋਰਟਲਾਂ ਦੀ ਸ਼ੁਰੂਆਤ ਇਕ ਇਤਿਹਾਸਕ ਫੈਸਲਾ ਹੈ ਕਿਉਂਕਿ ਇਹ ਪ੍ਰਭਾਵਸ਼ਾਲੀ ਢੰਗ ਨਾਲ ਪੰਜਾਬ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਨਗੇ।