
ਲੁਧਿਆਣਾ 'ਚ ਹਰੀਸ਼ ਰਾਵਤ ਵਲੋਂ ਕਾਂਗਰਸੀਆਂ ਨਾਲ ਮੀਟਿੰਗ
ਅਹੁਦਾ ਸੰਭਾਲਣ ਤੋਂ ਬਾਅਦ ਲੁਧਿਆਣਾ ਦਾ ਪਹਿਲਾ ਦੌਰਾ
ਲੁਧਿਆਣਾ, 9 ਨਵੰਬਰ (ਆਰ ਪੀ ਸਿੰਘ, ਰਾਮਜੀ ਦਾਸ ਚੋਹਾਨ) : ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਕਾਂਗਰਸੀਆਂ ਨਾਲ ਮੀਟਿੰਗ ਕੀਤੀ। ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਉਨ੍ਹਾਂ ਦਾ ਲੁਧਿਆਣਾ ਦਾ ਇਹ ਪਹਿਲਾ ਦੌਰਾ ਹੈ। ਅੱਜ ਦੀ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਅਸ਼ਵਨੀ ਸ਼ਰਮਾ ਵੱਲੋ ਆਯੋਜਿਤ ਕੀਤੀ ਗਈ ਅਤੇ ਫਤਹਿਗੜ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ, ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਮੇਅਰ ਬਲਕਾਰ ਸਿੰਘ ਸੰਧੂ, ਸਾਬਕਾ ਐਮ.ਪੀ. ਅਤੇ ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਰੇਸ਼ਮ ਸਿੰਘ ਸੱਗੂ ਸੀਨੀਅਰ ਕਾਂਗਰਸੀ ਆਗੂ, ਨਿਰਮਲ ਸਿੰਘ ਕੈੜਾ ਪ੍ਰਧਾਨ ਪੰਜਾਬ ਸੇਵਾ ਦਲ, ਪੀ.ਐਸੀ.ਆਈ.ਈ.ਸੀ. ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬੱਸੀ, ਕੌਸਲਰ ਮਮਤਾ ਆਸੂ, ਕਮਲਜੀਤ ਸਿੰਘ ਕੜਵਲ, ਯੁਵਾ ਕਾਂਗਰਸੀ ਆਗੂ ਕਾਮਿਲ ਬੋਪਾਰਾਏ, ਯੋਗੇਸ਼ ਹਾਂਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਨੇ ਰਾਜ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤੇ ਹਨ ਅਤੇ ਹੁਣ ਗੇਂਦ ਪੰਜਾਬ ਦੇ ਰਾਜਪਾਲ ਦੇ ਪਾਲੇ ਵਿੱਚ ਹੈ। ਉਨ੍ਹਾਂ ਰਾਜ ਦੇ ਕਾਂਗਰਸੀ ਨੇਤਾਵਾਂ ਨੂੰ ਨਵੀਂ ਦਿੱਲੀ ਵਿਖੇ ਕੇਂਦਰ ਦੇ ਸਟੈਂਡ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਕਾਂਗਰਸ ਇਸ ਲੜਾਈ ਨੂੰ ਉੱਚ ਪੱਧਰ 'ਤੇ ਲੈ ਕੇ ਜਾਵੇਗੀ। ਂਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਲਈ ਅਸਤੀਫ਼ਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਭਾਜਪਾ ਆਪਣਾ ਪੱਖ ਨਹੀਂ ਬਦਲਦੀ ਤਾਂ ਕਾਂਗਰਸ ਪਾਰਟੀ ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਰੇਲ ਪਟੜੀਆਂ ਨਹੀਂ ਰੋਕੀਆਂ ਗਈਆਂ ਹਨ।