
ਨਵਜੋਤ ਸਿੱਧੂ ਦੀ ਮੰਤਰੀ ਮੰਡਲ ਵਿਚ ਵਾਪਸੀ ਦਾ ਮਾਮਲਾ ਫੇਰ ਅਟਕਿਆ
ਹਰੀਸ਼ ਰਾਵਤ ਅੱਜ ਕੈਪਟਨ ਨਾਲ ਗੱਲ ਕਰ ਕੇ ਕਰ ਸਕਦੇ ਹਨ ਕੋਈ ਨਿਤਾਰਾ
ਚੰਡੀਗੜ੍ਹ, 9 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਪੰਜਾਬ ਦੇ ਨਵੇਂ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਯਤਨਾਂ ਨਾਲ ਸੁਲਾਹ-ਸਫ਼ਾਈ ਦਾ ਮਾਹੌਲ ਬਨਣ ਬਾਅਦ ਨਵਜੋਤ ਸਿੱਧੂ ਦੀ ਮੰਤਰੀ ਮੰਡਲ ਵਿਚ ਵਾਪਸੀ ਦਾ ਰਾਹ ਸਾਫ਼ ਹੋ ਗਿਆ ਸੀ। ਦੀਵਾਲੀ ਦੇ ਆਸ ਪਾਸ ਉਨ੍ਹਾਂ ਨੂੰ ਮੁੜ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੇ ਪ੍ਰੋਗਰਾਮ ਦੀ ਚਰਚਾ ਜ਼ੋਰਾ ਉਤੇ ਸੀ ਪਰ ਹੁਣ ਇਕ ਵਾਰ ਫੇਰ ਨਵਜੋਤ ਸਿੱਧੂ ਦੀ ਵਾਪਸੀ ਦਾ ਮਾਮਲਾ ਕੁੱਝ ਕਾਰਨਾਂ ਕਰ ਕੇ ਅਟਕ ਗਿਆ ਹੈ। ਪਤਾ ਲੱਗਾ ਹੈ ਕਿ ਸਿੱਧੂ ਵਲੋਂ ਅੰਮ੍ਰਿਤਸਰ ਵਿਚ ਅਪਣੇ ਬੈਨਰ ਜਿੱਤੇਗਾ ਪੰਜਾਬ ਤਹਿਤ ਕੀਤੀ ਕਿਸਾਨ ਰੈਲੀ ਵਿਚ ਕੀਤੀਆਂ ਟਿੱਪਣੀਆਂ ਦਾ ਵੀ ਉਲਟਾ ਅਸਰ ਪਿਆ ਹੈ। ਇਸ ਰੈਲੀ ਵਿਚ ਅਸਿੱਧੇ ਤੌਰ ਉਤੇ ਸੂਬਾ ਸਰਕਾਰ ਨੂੰ ਹੀ ਕਈ ਮਾਮਲਿਆਂ ਵਿਚ ਨਿਸ਼ਾਨਾ ਬਣਾ ਕੇ ਮੰਗਾਂ ਕੀਤੀਆਂ ਅਤੇ ਮੁੱਖ ਮੰਤਰੀ ਬਾਰੇ ਵੀ ਟਿੱਪਣੀ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਇਸ ਸਮੇਂ ਤਿੰਨ ਦਿਨ ਲਈ ਪੰਜਾਬ ਦੋਰੇ ਉਤੇ ਹਨ। ਮੰਗਲਵਾਰ ਰਾਤ ਉਨ੍ਹਾਂ ਨੇ ਚੰਡੀਗੜ੍ਹ ਠਹਿਰਣਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਰਾਤ ਦੌਰਾਨ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਂਕਾਤ ਹੋਏਗੀ। ਰਾਵਤ ਇਸ ਵਾਰ ਪਾਰਨਿਤਾਰਾ ਕਰਵਾ ਸਕਦੇ ਹਨ ਜਿਸ ਤੋਂ ਬਾਅਦ ਸਾਰੀ ਸਥਿਤੀ ਵੀ ਸਪੱਸ਼ਟ ਹੋ ਜਾਏੇਗੀ।