
ਨਤੀਜੇ ਮਹੀਨੇ ਦੇ ਅੰਤ ਤੱਕ ਆਉਣਗੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦੂਜਾ ਸੀਰੋ ਸਰਵੇਖਣ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਦੌਰਾਨ ਵੱਡੀ ਪੱਧਰ 'ਤੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਸੂਬੇ ਵਿੱਚ ਕੋਵਿਡ ਦੇ ਫੈਲਾਅ ਦਾ ਪਤਾ ਲਗਾਇਆ ਜਾ ਸਕੇ।
CM Amrinder Singh
ਇਹ ਸਰਵੇਖਣ ਨਵੰਬਰ ਦੇ ਤੀਜੇ ਹਫਤੇ ਦੌਰਾਨ ਆਮ ਲੋਕਾਂ ਵਿੱਚੋਂ 4800 ਵਿਅਕਤੀਆਂ ਦੇ ਰੈਂਡਮ ਨਮੂਨੇ ਲੈ ਕੇ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਮੌਜੂਦਾ ਮਹੀਨੇ ਦੇ ਅੰਤ ਤੱਕ ਜਾਰੀ ਕੀਤੇ ਜਾਣ ਦੀ ਉਮੀਦ ਹੈ। ਵਰਚੁਅਲ ਢੰਗ ਨਾਲ ਹੋਈ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਹਤ ਮਾਹਿਰਾਂ ਨਾਲ ਸਹਮਿਤੀ ਪ੍ਰਗਟਾਈ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਾਰਸ ਕੋਵ-2 ਦੇ ਫੈਲਾਅ ਦੀ ਹੱਦ ਦਾ ਪਤਾ ਲਗਾਇਆ ਜਾ ਸਕੇ।
CM Amrinder Singh
ਪਹਿਲਾ ਸੀਰੋ ਸਰਵੇਖਣ ਪੰਜ ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਐਸ.ਏ.ਐਸ. ਨਗਰ, ਅੰਮ੍ਰਿਤਸਰ ਅਤੇ ਜਲੰਧਰ ਦੇ ਇੱਕ-ਇੱਕ ਕੰਟੇਨਮੈਂਟ ਜ਼ੋਨ ਵਿੱਚ ਕਰਵਾਇਆ ਗਿਆ ਸੀ ਅਤੇ ਸੀਰੋ ਦੀ ਦਰ 27.8 ਫੀਸਦੀ ਪਾਈ ਗਈ ਸੀ। ਦੂਜੇ ਸਰਵੇਖਣ ਵਿੱਚ 12 ਰੈਂਡਮ ਤੌਰ 'ਤੇ ਚੁਣੇ ਜ਼ਿਲ੍ਹਿਆਂ ਵਿੱਚੋਂ 120 ਕਲੱਸਟਰਾਂ (60 ਪਿੰਡਾਂ ਅਤੇ 60 ਸ਼ਹਿਰੀ ਵਾਰਡਾਂ) ਦੀ ਰੈਂਡਮ ਸੈਂਪਲਿੰਗ ਕੀਤੀ ਜਾਵੇਗੀ ਅਤੇ 40 ਬਾਲਗਾਂ ਨੂੰ ਹਰੇਕ ਕਲੱਸਟਰ ਵਿਚੋਂ ਰੈਂਡਮ ਤੌਰ 'ਤੇ ਚੁਣਿਆ ਜਾਵੇਗਾ।
ਸਰਵੇ ਦੌਰਾਨ ਖੂਨ ਦੇ ਨਮੂਨਿਆਂ ਵਿੱਚ ਆਈ.ਜੀ.ਜੀ. ਐਂਟੀ ਬਾਡੀਜ਼ ਦਾ ਪਤਾ ਲਾਉਣ ਲਈ ਐਲੀਸਾ ਟੈਸਟ ਕੀਤਾ ਜਾਵੇਗਾ। ਮੀਟਿੰਗ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੈਂਪਲਿੰਗ ਸਕੀਮ ਤੇ ਸਰਵੇਖਣ ਦੇ ਢੰਗ ਨੂੰ ਆਈ.ਸੀ.ਐਮ.ਆਰ. ਸੀਰੋ ਸਰਵੇਖਣ ਪ੍ਰੋਟੋਕਾਲ ਤੋ ਲਿਆ ਗਿਆ ਹੈ।