
ਕੰਨਪੱਟੀ 'ਤੇ ਪਿਸਤੌਲ ਲਾ ਕੇ ਉਸ ਕੋਲੋਂ ਮੋਬਾਇਲ, ਕੰਨਾਂ ਦੀਆਂ ਵਾਲੀਆਂ, ਸੋਨੇ ਦੀ ਚੇਨ ਅਤੇ ਅਲਮਾਰੀ 'ਚੋਂ 1.50 ਲੱਖ ਰੁਪਏ ਲੁੱਟ ਲਏ
ਲੁਧਿਆਣਾ: ਗੋਬਿੰਦਗੜ੍ਹ 'ਚ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਘਰ 'ਚ ਵੜ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਚਰਨਜੀਤ ਕੌਰ (63) ਪਤਨੀ ਸਰੂਪ ਸਿੰਘ ਨੇ ਦੱਸਿਆ ਕਿ 3 ਅਣਪਛਾਤੇ ਨੌਜਵਾਨ ਮੂੰਹ 'ਤੇ ਕੱਪੜਾ ਬੰਨ੍ਹ ਕੇ ਜ਼ਬਰਨ ਘਰ ਅੰਦਰ ਦਾਖ਼ਲ ਹੋ ਗਏ। ਤਿੰਨਾਂ ਨੇ ਬਜ਼ੁਰਗ ਔਰਤ ਨੂੰ ਕਮਰੇ 'ਚ ਘੜੀਸਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ।
ਤਿੰਨੇ ਨੌਜਵਾਨਾਂ ਨੇ ਔਰਤ ਦੀ ਕੰਨਪੱਟੀ 'ਤੇ ਪਿਸਤੌਲ ਲਾ ਕੇ ਉਸ ਕੋਲੋਂ ਮੋਬਾਇਲ, ਕੰਨਾਂ ਦੀਆਂ ਵਾਲੀਆਂ, ਸੋਨੇ ਦੀ ਚੇਨ ਅਤੇ ਅਲਮਾਰੀ 'ਚੋਂ 1.50 ਲੱਖ ਰੁਪਏ ਲੁੱਟ ਲਏ। ਇੰਨਾ ਹੀ ਨਹੀਂ, ਜਦੋਂ ਬਜ਼ੁਰਗ ਔਰਤ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਪਿਸਤੌਲ ਦਾ ਪਿਛਲਾ ਹਿੱਸਾ ਉਸ ਦੇ ਮੂੰਹ 'ਤੇ ਮਾਰਿਆ ਅਤੇ ਉਸ ਨੂੰ ਸੁੱਟ ਕੇ ਫ਼ਰਾਰ ਹੋ ਗਏ।
ਬਜ਼ੁਰਗ ਔਰਤ ਦੇ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਦੇ ਹੱਥ-ਪੈਰ ਖੋਲ੍ਹੇ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।