
ਮਾਨ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਗ਼ੈਰ ਕਾਨੂੰਨੀ ਚੋਣਾਂ ਦਾ ਧਰਨਾ ਲਾ ਕੇ ਕੀਤਾ ਵਿਰੋਧ
ਦੋਹਾਂ ਧਿਰਾਂ ਦਾ ਬਾਈਕਾਟ, ਸਿੱਖਾਂ ਦੀ ਜਮਹੂਰੀਅਤ ਬਹਾਲ ਕਰੋ, ਮੋਦੀ ਤੇ ਸੁਖਬੀਰ ਦਾ ਪੁਤਲਾ ਫੂਕਿਆ
ਅੰਮਿ੍ਤਸਰ, 9 ਨਵੰਬਰ (ਪਰਮਿੰਦਰ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਦੌਰਾਨ ਸ੍ਰੀ ਦਰਬਾਰ ਸਾਹਿਬ ਸਰਾਂ ਗੇਟ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖ਼ਾਲਸਾ ਵਲੋਂ ਗ਼ੈਰ ਕਾਨੂੰਨੀ ਚੋਣਾਂ ਅਤੇ ਦੋਹਾਂ ਧਿਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਅਤੇ ਜਮਹੂਰੀਅਤ ਬਹਾਲ ਕਰਵਾਉਣ ਵਾਸਤੇ ਆਵਾਜ਼ ਬੁਲੰਦ ਕੀਤੀ ਗਈ ਤੇ ਰੋਸ ਧਰਨਾ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਵੀ ਫੂਕਿਆ ਗਿਆ |
ਇਸ ਮੌਕੇ ਯੂਥ ਅਕਾਲੀ ਦਲ ਅੰਮਿ੍ਤਸਰ ਦੇ ਸਰਪ੍ਰਸਤ ਈਮਾਨ ਸਿੰਘ ਮਾਨ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 2011 ਵਿਚ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸਨ ਤੇ ਹੁਣ 11 ਸਾਲ ਬੀਤਣ ਦੇ ਬਾਵਜੂਦ ਵੀ ਚੋਣ ਨਹੀਂ ਕਰਵਾਈ ਜਾ ਰਹੀ ਜੋ ਜਮਹੂਰੀਅਤ ਦਾ ਕਤਲ ਅਤੇ ਬਾਦਲਕਿਆਂ ਅਤੇ ਭਾਜਪਾ ਦਾ ਕਬਜ਼ਾ ਹੈ | ਉਨ੍ਹਾਂ ਕਿਹਾ ਕਿ ਅਪਣੀ ਮਿਆਦ ਖ਼ਤਮ ਕਰ ਚੁੱਕੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਪਹਿਲਾਂ
ਚੋਣਾਂ ਕਰਵਾ ਕੇ ਮੁੜ ਮੈਂਬਰ ਚੁਣੇ ਜਾਣ | ਆਗੂਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੀ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੋਹਾਂ ਦਾ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਇਹ ਦੋਵੇਂ ਬਾਦਲ ਦਲ ਅਤੇ ਭਾਜਪਾ ਦੇ ਹੱਥਠੋਕੇ ਹਨ ਤੇ ਬਾਦਲ ਪ੍ਰਵਾਰ ਪੰਥਕ ਸਿਧਾਂਤਾਂ ਤੇ ਗੁਰਧਾਮਾਂ ਤੇ ਆਰ ਐਸ ਐਸ ਦਾ ਕਬਜ਼ਾ ਕਰਵਾਉਣ ਦਾ ਦੋਸ਼ੀ ਹੈ | ਧਰਨੇ ਦੌਰਾਨ ਬਾਦਲ ਪ੍ਰਵਾਰ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਹਰੇ ਵੀ ਲੱਗੇ, 328 ਸਰੂਪਾਂ ਦਾ ਇਨਸਾਫ਼ ਦਿਉ, ਸ਼੍ਰੋਮਣੀ ਕਮੇਟੀ ਚੋਣਾਂ ਤੁਰਤ ਕਰਵਾਉ, ਸਿੱਖਾਂ ਦੀ ਜਮਹੂਰੀਅਤ ਬਹਾਲ ਕਰੋ ਆਦਿਕ ਨਾਹਰੇ ਲਗਾਏ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ ਪਵਾਰ, ਬਲਵਿੰਦਰ ਸਿੰਘ ਕਾਲਾ, ਪਿ੍ਤਪਾਲ ਸਿੰਘ ਖਾਲਸਾ, ਬੀਬੀ ਰਛਪਿੰਦਰ ਕੌਰ, ਕੁਲਵੰਤ ਸਿੰਘ ਕੋਟਲਾ, ਸੁਖਜੀਤ ਸਿੰਘ ਡਰੋਲੀ ਆਦਿ ਹਾਜ਼ਰ ਸਨ |