
'ਆਪ' ਨੇ ਕੇਜਰੀਵਾਲ ਦੇ ਆਉਣ ਜਾਣ 'ਤੇ ਹੁਣ ਵੀ ਪਾਬੰਦੀ ਹੋਣ ਦਾ ਕੀਤਾ ਦਾਅਵਾ
ਨਵੀਂ ਦਿੱਲੀ, 9 ਦਸੰਬਰ: ਆਮ ਆਦਮੀ ਪਾਰਟੀ (ਆਪ) ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਉਣ ਜਾਣ 'ਤੇ ਅਜੇ ਵੀ ਪਾਬੰਦੀ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਦਾ ਮੁੱਖ ਗੇਟ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ 'ਤੇ ਬੰਦ ਰਖਿਆ ਹੈ। ਦਿੱਲੀ ਪੁਲਿਸ ਨੇ 'ਆਪ' ਦੇ ਇਸ ਦਾਅਵੇ ਨੂੰ ਰੱਦ ਕਰ ਦਿਤਾ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਮੁੱਖ ਮੰਤਰੀ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਸਵੇਰੇ 11 ਵਜੇ ਅਪਣੀ ਰਿਹਾਇਸ਼ ਤੋਂ ਰਵਾਨਾ ਹੋਏ ਸਨ। ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਸ਼ਹਿਰ ਦੇ ਸਿੰਘੂ ਸਰਹੱਦ 'ਤੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਘਰੇਲੂ ਨਜ਼ਰਬੰਦੀ ਵਿਚ ਰਖਿਆ ਹੈ। ਹਾਲਾਂਕਿ, ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦਸਿਆ ਹੈ। 'ਆਪ' ਦੇ ਬੁਲਾਰੇ ਰਾਘਵ ਚੱਢਾ ਨੇ ਬੁਧਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਆਸ ਪਾਸ ਇਕ 'ਅਣਜਾਣ ਐਮਰਜੈਂਸੀ' ਦਾ ਮਾਹੌਲ ਹੈ। ਚੱਢਾ ਨੇ ਕਿਹਾ ਕਿ ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਦੱਸ ਰਿਹਾ ਹਾਂ ਕਿ (ਕੇਂਦਰੀ) ਗ੍ਰਹਿ ਮੰਤਰੀ ਦੇ ਕਹਿਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਉਣ ਜਾਣ ਅੰਦੋਲਨ 'ਤੇ ਅਜੇ ਵੀ ਪਾਬੰਦੀ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਮੁੱਖ ਗੇਟ ਅਜੇ ਵੀ ਬੰਦ ਹੈ। ਇਸ ਦੌਰਾਨ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਉਣ ਜਾਣ 'ਤੇ ਕੋਈ ਰੋਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੁਲਿਸ ਦੀ ਤਾਇਨਾਤੀ ਸੁਰੱਖਿਆ ਪ੍ਰੋਟੋਕੋਲ ਦਾ ਹਿੱਸਾ ਹੈ। (ਪੀਟੀਆਈ)