
'ਪਹਿਲਾਂ ਤੋਂ ਰੋਗਗ੍ਰਸਤ ਲੋਕਾਂ ਨੂੰ ਵਾਪਸ ਭੇਜ ਕੇ ਹੋਰ ਸਿਹਤਮੰਦ ਪੰਜਾਬੀ ਪੁੱਜਣ ਮੋਰਚੇ ਵਿਚ'
ਚੰਡੀਗੜ੍ਹ, 9 ਦਸੰਬਰ (ਨੀਲ ਭਲਿੰਦਰ ਸਿੰਘ): ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕੇਂਦਰ ਸਰਕਾਰ ਦੀ ਅੜੀ ਅਤੇ ਸੰਘਰਸ਼ਸ਼ੀਲ ਕਿਸਾਨਾਂ ਤੇ ਦ੍ਰਿੜ੍ਹ ਇਰਾਦੇ ਕਾਰਨ ਹੋਰ ਲੰਬਾ ਹੁੰਦਾ ਪ੍ਰਤੀਤ ਹੋ ਰਿਹਾ ਹੈ। ਪਰ ਇਸ ਸੰਘਰਸ਼ ਦੌਰਾਨ ਕਈ ਕਿਸਾਨ ਯੋਧੇ ਜਾਨ ਗੁਆ ਚੁੱਕੇ ਹਨ। ਜਿਨ੍ਹਾਂ 'ਚ ਜ਼ਿਆਦਾਤਰ ਦੀ ਮੌਤ ਦਾ ਕਾਰਨ ਦਿਲ ਦੇ ਰੋਗ ਹੋਣਾ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਖ਼ੁਦ ਇਕ ਨਾਮਵਰ ਦਿਲ ਦੇ ਰੋਗਾਂ ਦੇ ਮਾਹਰ ਡਾ ਧਰਮਵੀਰ ਗਾਂਧੀ ਨੇ ਇਸ ਪੱਤਰਕਾਰ ਨਾਲ ਇਕ ਵਿਸ਼ੇਸ਼ ਟੀਵੀ ਇੰਟਰਵਿਊ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਦੀ ਸਿਹਤ ਸੰਭਾਲ ਲਈ ਕਈ ਲਾਹੇਵੰਦ ਨੁਕਤੇ ਸੁਝਾਏ ਹਨ।
ਪਟਿਆਲਾ ਵਿਖੇ ਦਿਲ ਦੇ ਰੋਗਾਂ ਦਾ ਉੱਘਾ ਹਸਪਤਾਲ ਚਲਾ ਰਹੇ ਡਾ. ਗਾਂਧੀ ਨੇ ਸਪੱਸ਼ਟ ਤੌਰ ਉੱਤੇ ਸਲਾਹ ਦਿਤੀ ਹੈ ਕਿ ਦਿਲ ਸ਼ੂਗਰ ਰੋਗ ਤੋਂ ਪੀੜਤ ਕਿਸਾਨਾਂ ਜਾਂ ਕਿਸੇ ਵੀ ਸੰਘਰਸ਼ਸ਼ੀਲ ਨੂੰ ਫ਼ੌਰੀ ਉਸ ਦੇ ਘਰ ਭੇਜ ਦੇਣਾ ਚਾਹੀਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਆਸ ਪਾਸ ਦੇ ਇਲਾਕੇ ਵਿਚ ਕਈ ਮੋਰਚਿਆਂ ਵਿਚ ਜਾ ਕੇ ਆਏ ਹਨ ਅਤੇ ਉਨ੍ਹਾਂ ਨੇ ਉੱਥੇ ਸਿਹਤ ਕੈਂਪ ਲਗਾ ਕੇ ਕਿਸਾਨਾਂ ਨੂੰ ਦਵਾਈ ਬੂਟੀ ਵੀ ਦਿਤੀ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਵੀ ਸੰਘਰਸ਼ਸ਼ੀਲ ਕਿਸਾਨਾਂ ਖ਼ਾਸਕਰ ਬਜ਼ੁਰਗਾਂ ਅਤੇ ਔਰਤਾਂ ਨੂੰ ਪਹਿਲਾਂ ਤੋਂ ਹੀ ਦਿਲ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਵਰਗੇ ਘਾਤਕ ਰੋਗ ਹਨ ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਘਰਾਂ ਜਾਂ ਹਸਪਤਾਲਾਂ ਵਿਚ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਜਿਉਂ ਠੰਢ ਦਾ ਪ੍ਰਕੋਪ ਵਧ
ਰਿਹਾ ਹੈ ਤਿਉਂ ਤਿਉਂ ਮਨੁੱਖੀ ਸਰੀਰ ਦੀਆਂ ਅੰਤੜੀਆਂ ਸੁੰਗੜਨ ਲੱਗ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ ਖਾਣ ਪੀਣ ਦਾ ਵੀ ਖਿਆਲ ਰਖਣਾ ਬਹੁਤ ਜ਼ਰੂਰੀ ਹੈ।
ਖ਼ਾਸਕਰ ਬਹੁਤ ਜ਼ਿਆਦਾ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾ ਗਾਂਧੀ ਨੇ ਕਿਹਾ ਕਿ ਉਹ ਪੂਰੇ ਦਿੱਲੀ ਇਲਾਕੇ ਦਾ ਜਾਇਜ਼ਾ ਲੈ ਕੇ ਆਏ ਹਨ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਹਾਲਾਤ ਮਹਿਜ਼ ਇਕ ਜਾਂ ਦੋ ਫ਼ੀਸਦ ਪੰਜਾਬੀ ਖ਼ਾਸਕਰ ਕਿਸਾਨ ਦਿੱਲੀ ਮੋਰਚੇ 'ਚ ਪੁੱਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਹਤਮੰਦ ਲੋਕਾਂ ਦੀ ਕਮੀ ਨਹੀਂ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਪੁਰਾਣੇ ਰੋਗ ਹੋਣ ਦੇ ਬਾਵਜੂਦ ਵੀ ਅੱਗੇ ਵਧ ਕੇ ਕਿਸਾਨ ਸੰਘਰਸ਼ ਵਿਚ ਡਟੇ ਲੋਕਾਂ ਨੂੰ ਹੁਣ ਉਨ੍ਹਾਂ ਦੀ ਸਿਹਤ ਬਚਾਉਣ ਦੇ ਮਨਸ਼ੇ ਨਾਲ ਆਰਾਮ ਦਿੰਦੇ ਹੋਏ ਹੋਰ ਸਿਹਤਮੰਦ ਤੇ ਨੌਜਵਾਨ ਲੋਕ ਅੱਗੇ ਆਉਣ।