
ਵੱਡੇ ਸੰਕਟ 'ਚ ਘਿਰੀ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਦੀ ਏਕਤਾ ਤੋੜਨ ਦੇ ਯਤਨਾਂ 'ਚ
ਅਮਿਤ ਸ਼ਾਹ ਵਲੋਂ ਕੁੱਝ ਕਿਸਾਨ ਜਥੇਬੰਦੀਆਂ ਦੀ ਚੁੱਪ ਚਾਪ ਫ਼ੋਨ ਰਾਹੀਂ ਸੱਦੀ ਮੀਟਿੰਗ ਵੀ ਸੀ ਇਸੇ ਯੋਜਨਾ ਦਾ ਹਿੱਸਾ
ਚੰਡੀਗੜ੍ਹ, 9 ਦਸੰਬਰ (ਗੁਰਉਪਦੇਸ਼ ਭੁੱਲਰ) : ਕਿਸਾਨ ਆਗੂਆਂ ਵਲੋਂ ਤਿੰਨੇ ਖੇਤੀ ਕਾਨੂੰਨਾਂ ਲਈ ਅਪਣਾਏ ਗਏ ਸਖ਼ਤ ਰੁੱਖ ਅਤੇ ਦਿੱਲੀ ਦੀਆਂ ਸਰਹੱਦਾਂ 'ਤੇ ਦਿਨੋ ਦਿਨ ਵਧ ਰਹੀ ਲੋਕਾਂ ਦੀ ਭੀੜ ਕਾਰਨ ਕੇਂਦਰ ਦੀ ਮੋਦੀ ਸਰਕਾਰ ਲਈ ਇਕ ਵੱਡਾ ਸੰਕਟ ਸਾਹਮਣੇ ਹੈ। ਇਸ ਸੰਕਟ 'ਚੋਂ ਨਿਕਲਣ ਲਈ ਕੇਂਦਰ ਨੂੰ ਇਸ ਸਮੇਂ ਕੋਈ ਰਾਹ ਨਹੀਂ ਲੱਭ ਰਿਹਾ। ਉਹ ਕੁੱਝ ਸੋਧਾਂ ਕਰ ਕੇ ਮਾਮਲਾ ਨਿਬੇੜਨਾ ਚਾਹੁੰਦੀ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਤਿੰਨੇ ਕਾਨੂੰਨ ਪੂਰੀ ਤਰ੍ਹਾਂ ਰੱਦ ਕੀਤੇ ਬਿਨਾਂ ਹੋਰ ਕੋਈ ਵੀ ਵਿਚ-ਵਿਚਾਲੇ ਦਾ ਹੱਲ ਮਨਜ਼ੂਰ ਨਹੀਂ।
ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਅਤੇ ਉਸ ਤੋਂ ਬਾਅਦ ਸਰਹੱਦਾਂ ਤੋਂ ਉਠਾਉਣ ਲਈ ਹੁਣ ਤਕ ਦੇ ਸਾਰੇ ਯਤਨ ਨਾਕਾਮ ਰਹਿਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੀ ਏਕਤਾ ਤੋੜਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੁੱਝ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾਉਣਾ ਵੀ ਇਸੇ ਯੋਜਨਾ ਦਾ ਹਿੱਸਾ ਦਸਿਆ ਜਾ ਰਿਹਾ ਹੈ। ਪਰ ਕਿਸਾਨ ਆਗੂਆਂ ਦੀ ਏਕਤਾ ਨੂੰ ਤੋੜਨ ਵਿਚ ਸ਼ਾਹ ਹਾਲੇ ਸਫ਼ਲ ਨਹੀਂ ਹੋ ਸਕੇ। ਕਿਸਾਨ ਅੰਦੋਲਨ ਨੂੰ ਹਿੰਸਕ ਬਣਾਉਣ ਜਾਂ ਕਿਸੇ ਤਰੀਕੇ ਨਾਲ ਸਰਹੱਦਾਂ 'ਤੇ ਗੜਬੜੀ ਫੈਲਾਉਣ ਦੇ ਮਨਸੂਬੇ ਵੀ ਸਿਰੇ ਨਹੀਂ ਚੜ੍ਹੇ। ਕਿਸਾਨ ਜਥੇਬੰਦੀਆਂ ਵਲੋਂ ਸਰਹੱਦਾਂ 'ਤੇ ਧਰਨਿਆਂ ਵਿਚ ਤੈਨਾਤ ਅਪਣੇ ਨੌਜਵਾਨਾਂ ਦੀਆਂ ਟੀਮਾਂ ਰਾਹੀਂ ਸਰਕਾਰੀ ਏਜੰਸੀਆਂ ਵਲੋਂ ਘੁਸਪੈਠ ਦੇ ਯਤਨਾਂ ਵਿਚ ਕਈ ਵਿਅਕਤੀ ਕਾਬੂ ਵੀ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਨੇ ਸੱਭ ਤੋਂ ਪਹਿਲਾਂ ਦਿੱਲੀ ਸਰਹੱਦਾਂ 'ਤੇ ਪਹੁੰਚਣ ਸਮੇਂ ਅਮਿਤ ਸ਼ਾਹ ਦੀ ਅੰਦੋਲਨਕਾਰੀਆਂ ਨੂੰ ਬੁਰਾੜੀ ਮੈਦਾਨ ਵਿਚ ਭੇਜ ਕੇ ਘੇਰੇ ਵਿਚ ਲੈ ਕੇ ਜੇਲ੍ਹ 'ਚ ਤਬਦੀਲ ਕਰਨ ਦੀ ਸਤਰੰਜ਼ੀ ਚਾਲ ਵੀ ਨਾਕਾਮ ਕਰ ਦਿਤੀ ਸੀ। ਵਰਨਣਯੋਗ ਹੈ ਕਿ ਬੀਤੇ ਦਿਨ ਅਮਿਤ ਸ਼ਾਹ ਵਲੋਂ ਜਿਸ ਤਰੀਕੇ ਨਾਲ ਚੁੱਪ ਚਾਪ ਕੁੱਝ ਕਿਸਾਨ ਜਥੇਬੰਦੀਆਂ ਨੂੰ ਫ਼ੋਨ 'ਤੇ ਸੁਨੇਹੇ ਦੇ ਕੇ ਬੁਲਾਇਆ ਗਿਆ, ਉਸ ਦਾ ਮਕਸਦ, ਚੁੱਪ ਚਾਪ ਹੀ ਮੀਟਿੰਗ ਕਰ ਕੇ, ਹੋਰਨਾਂ ਜਥੇਬੰਦੀਆਂ ਵਿਚ ਇਕ ਦੂਜੇ ਪ੍ਰਤੀ ਭਰਮ ਭੁਲੇਖੇ ਪੈਦਾ ਕਰਨਾ ਹੀ ਸੀ ਪਰ ਇਸ ਮੀਟਿੰਗ ਦੇ ਗੁਪਤ ਨਾ ਰਹਿ ਸਕਣ ਕਾਰਨ ਕੇਂਦਰ ਦੇ ਇਰਾਦੇ ਸਫ਼ਲ ਨਹੀਂ ਹੋਏ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਨੇ ਸਥਾਨ ਬਾਰੇ ਭੰਬਲਭੂਸਾ ਰੱਖਣ 'ਤੇ ਮੀਡੀਆ ਨੂੰ ਵੀ ਜਾਣਕਾਰੀ ਨਾ ਦੇਣ ਨਾਲ ਵੀ ਕੇਂਦਰ ਦੇ ਮਨਸੂਬੇ ਸਾਫ਼ ਪਤਾ ਲਗਦੇ ਹਨ।
ਇਸ ਤੋਂ ਪਹਿਲਾਂ ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਬੀ.ਕੇ.ਯੂ. (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੂੰ ਵੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਫ਼ੋਨ ਕਰ ਕੇ ਵੱਖਰੀ ਮੀਟਿੰਗ ਕਰ ਕੇ ਹੋਰ ਜਥੇਬੰਦੀਆਂ ਨਾਲੋਂ ਨਿਖੇੜਨ ਦੀ ਯੋਜਨਾ ਵੀ ਸਫ਼ਲ ਨਹੀਂ ਹੋਈ ਪਰ ਕੇਂਦਰ ਦਾ ਜ਼ੋਰ ਇਸ ਸਮੇਂ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵਿਚ ਪਾੜ ਪਾਉਣ 'ਤੇ ਲਗਿਆ ਹੋਇਆ ਹੈ ਅਤੇ ਇਸੇ ਲਈ ਵਾਰ ਵਾਰ ਮੀਟਿੰਗ ਵਿਚ ਪੁਰਾਣੀਆਂ ਗੱਲਾਂ ਦੁਹਰਾ ਕੇ ਮਾਮਲਾ ਲਟਕਾਉਣ ਦੇ ਹੀ ਯਤਨ ਹੋਏ ਹਨ।