
'ਨਹੀਂ ਮਨਜ਼ੂਰ ਤੁਹਾਡੀਆਂ ਸੋਧਾਂ, ਕਾਨੂੰਨ ਰੱਦ ਕਰੋ ਨਹੀਂ ਤਾਂ ਇਥੇ ਹੀ ਪਏ ਰਹਾਂਗੇ' ਕਿਸਾਨਾਂ ਨੇ ਸਰਕਾਰ ਨੂੰ ਦੋ ਟੁੱਕ ਕਿਹਾ
ਸਾਰੀਆਂ ਜਥੇਬੰਦੀਆਂ ਨੇ ਲਿਆ ਸਰਬਸੰਮਤੀ ਨਾਲ ਫ਼ੈਸਲਾ-ਕਰਾਂਗੇ ਦਿੱਲੀ ਨੂੰ ਚਾਰ ਚੁਫੇਰਿਉਂ ਜਾਮ
ਚੰਡੀਗੜ੍ਹ, 9 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): 'ਸੋਧਾਂ ਨਾ ਮਨਜ਼ੂਰ, ਕਾਨੂੰਨ ਰੱਦ ਕਰਵਾਏ ਬਿਨਾਂ ਪਿਛੇ ਨਹੀਂ ਹਟਾਂਗੇ' ਕਿਸਾਨ ਜਥੇਬੰਦੀਆਂ ਨੇ ਇਹ ਵੱਡਾ ਫ਼ੈਸਲਾ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਇਸ ਸਬੰਧੀ ਇਕ ਵੀਡੀਉ ਵੀ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅੱਜ ਕਾਨੂੰਨਾਂ 'ਚ ਬਦਲਾਅ ਦਾ ਪ੍ਰਸਤਾਵ ਕਿਸਾਨਾਂ ਨੂੰ ਭੇਜਿਆ ਸੀ। ਇਸ ਪ੍ਰਸਤਾਵ 'ਤੇ ਕਿਸਾਨ ਆਗੂਆਂ ਵਲੋਂ ਲੰਮਾ ਸਮਾਂ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਤੋਂ ਬਾਅਦ ਜਥੇਬੰਦੀਆਂ ਨੇ ਇਸ ਪ੍ਰਸਤਾਵ ਨੂੰ ਨਾ ਮਨਜ਼ੂਰ ਕਰ ਦਿਤਾ। ਮੀਟਿੰਗ ਦੌਰਾਨ ਕਿਸਾਨ ਮੋਰਚੇ ਵਿਚ ਡਟੀਆਂ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਰਕਾਰ ਵਲੋਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਭੇਜੇ ਪ੍ਰਸਤਾਵ ਨੂੰ ਨਾ ਮਨਜ਼ੂਰ ਕਰਦੇ ਹਨ। ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਜਿੰਨਾਂ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਉਹ ਮੋਰਚੇ ਤੋਂ ਪਿਛੇ ਨਹੀਂ ਹਟਣਗੇ। ਕਿਸਾਨ ਆਗੂਆਂ ਨੇ ਸਪੱਸ਼ਟ ਤੇ ਦੋ ਟੁੱਕ ਕੇਂਦਰ ਸਰਕਾਰ ਨੂੰ ਕਹਿ ਦਿਤਾ ਹੈ ਕਿ ਉਨ੍ਹਾਂ ਦੀਆਂ ਸੋਧਾਂ ਮਨਜ਼ੂਰ ਨਹੀਂ, ਕਾਨੂੰਨ ਰੱਦ ਕਰਨੇ ਹਨ ਤਾਂ ਕਰੋ, ਨਹੀਂ ਤਾਂ ਇਥੇ ਹੀ ਪਏ ਰਹਾਂਗੇ। ਕਿਸਾਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾ ਕਿਸੇ ਵੀ ਕੀਮਤ 'ਤੇ ਪਿਛੇ ਨਹੀਂ ਹਟਣਗੇ। ਸਰਕਾਰ ਨੇ ਸਿਰਫ਼ ਸੋਧ ਦਾ ਪ੍ਰਸਤਾਵ ਭੇਜਿਆ ਹੈ, ਜੋ ਕਦੇ ਵੀ ਮਨਜ਼ੂਰ ਨਹੀਂ ਹੈ। ਆਲ ਇੰਡੀਆ ਕਿਸਾਨ ਫ਼ੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਕਿਹਾ, ਅਸੀ ਸਰਕਾਰ ਵਲੋਂ ਭੇਜਿਆ ਪ੍ਰਸਤਾਵ ਸਵੀਕਾਰ ਨਹੀਂ ਕੀਤਾ। ਸਾਡੀ ਮੁਲਾਕਾਤ ਹੁਣ ਖ਼ਤਮ ਹੋ ਗਈ ਹੈ। ਅੱਗੇ ਹਰਿਆਣੇ ਨਾਲ ਇਕ ਬੈਠਕ ਹੈ, ਜਿਸ ਵਿਚ ਅਸੀਂ ਅਗਲੇ ਕਦਮਾਂ ਉੱਤੇ ਵਿਚਾਰ ਕਰਾਂਗੇ। ਰਾਕੇਸ਼ ਟਿਕੈਤ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦੇ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੇਂਦਰ ਵਲੋਂ ਭੇਜੇ ਪ੍ਰਸਤਾਵ 'ਤੇ ਵਿਚਾਰ-ਵਟਾਂਦਰਾ ਕਰਨਗੇ। ਅੱਜ ਹੋਣ ਵਾਲੀ ਗੱਲਬਾਤ ਦਾ ਛੇਵਾਂ ਗੇੜ ਰੱਦ ਕਰ ਦਿਤਾ ਗਿਆ ਹੈ।
ਉਧਰ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਅੜੀ ਹੈ
ਤਾਂ ਇਹ ਕਿਸਾਨਾਂ ਦੇ ਵੀ ਸਨਮਾਨ ਦੀ ਘੜੀ ਹੈ ਇਸ ਲਈ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ 'ਚ ਦਿੱਲੀ ਨੂੰ ਚਾਰ ਚੁਫ਼ੇਰਿਉਂ ਜਾਮ ਕਰ ਦਿਤਾ ਜਾਵੇਗਾ ਤੇ ਦਿੱਲੀ ਨੂੰ ਆਉਣ ਵਾਲੇ ਸਾਰੇ ਹਾਈ ਵੇਅ ਜਾਮ ਕੀਤੇ ਜਾਣਗੇ।
ਕਿਸਾਨ ਆਗੂਆਂ ਨੇ ਪੂਰੀ ਤਲਖ਼ੀ ਨਾਲ ਕਿਹਾ ਕਿ ਸਰਕਾਰ ਬੇਸ਼ੱਕ ਉਨ੍ਹ੍ਹਾਂ ਉਪਰ ਗੋਲੀਆਂ ਚਲਾ ਦੇਵੇ ਪਰ ਉਹ ਉਨਾ ਸਮਾਂ ਸੰਘਰਸ਼ ਨਹੀਂ ਛਡਣਗੇ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਲਏ ਜਾਂਦੇ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਭਾਜਪਾ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਉ ਕੀਤਾ ਜਾਵੇਗਾ। ਸਰਕਾਰ ਦਾ ਪ੍ਰਸਤਾਵ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਉੱਥੇ ਹੀ ਜੈਪੁਰ-ਦਿੱਲੀ ਹਾਈਵੇਅ 12 ਦਸੰਬਰ ਰੋਕਿਆ ਜਾਵੇਗਾ ਅਤੇ 12 ਦਸੰਬਰ ਨੂੰ ਟੋਲ ਪਲਾਜ਼ਾ ਵੀ ਫ਼ਰੀ ਕਰ ਦਿਤੇ ਜਾਣਗੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ 14 ਦਸੰਬਰ ਨੂੰ ਪੂਰੇ ਦੇਸ਼ 'ਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿਤੀ ਹੈ ਕਿ ਜਦੋਂ ਤਕ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤਕ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੁਬਾਰਾ ਪ੍ਰਸਤਾਵ ਆਏਗਾ ਤਾਂ ਵਿਚਾਰ ਕਰਾਂਗਾ। ਕਿਸਾਨ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐੱਸ.ਪੀ.) 'ਤੇ ਗਾਰੰਟੀ ਕਾਨੂੰਨ ਬਣੇ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇਕ ਪ੍ਰਸਤਾਵ ਤਿਆਰ ਕਰ ਕੇ ਕਿਸਾਨਾਂ ਨੂੰ ਭੇਜਿਆ ਗਿਆ ਸੀ ਜਿਸ ਵਿਚ ਉਹੀ ਪੁਰਾਣੀਆਂ ਘਸੀਆਂ ਪਿਟੀਆਂ ਗੱਲਾਂ ਸਨ। ਇਸ ਪ੍ਰਸ਼ਤਾਵ ਨੂੰ ਪੜ੍ਹ ਕੇ ਕਿਸਾਨ ਆਗੂ ਹੋਰ ਵੀ ਨਾਰਾਜ਼ ਹੋ ਗਏ।