
ਕੈਪਟਨ ਅਮਰਿੰਦਰ ਸਿੰਘ ਨੂੰ ਸੁਖਬੀਰ ਬਾਦਲ ਨੇ ਦਸਿਆ ਨਾਲਾਇਕ ਤੇ ਮੂਰਖ
ਨਾਭਾ, 9 ਦਸੰਬਰ (ਬਲਵੰਤ ਹਿਆਣਾ) : ਸ਼ਹਿਰ ਨਾਭਾ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਵਿਧਾਨ ਸਭਾ ਹਲਕਾ ਨਾਭਾ ਤੋਂ ਉਮੀਦਵਾਰ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਅਨਾਜ ਮੰਡੀ ਵਿਚ ਭਰਵੀਂ ਰੈਲੀ ਹੋਈ ਰੈਲੀ ਵਿਚ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਤਕ ਦਾ ਸੱਭ ਤੋਂ ਨਖਿੱਧ, ਨਾਲਾਇਕ ਤੇ ਮੂਰਖ ਮੁੱਖ ਮੰਤਰੀ ਦਸਦਿਆ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਢੇ ਚਾਰ ਸਾਲ ਵਿਚ ਪੰਜਾਬ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਕਰਵਾਇਆ ਗਿਆ ਜਿਸ ਨਾਲ ਸੂਬੇ ਤੇ ਸੂਬੇ ਦੀ ਜਨਤਾ ਦਾ ਕੋਈ ਭਲਾ ਹੋਇਆ ਹੋਵੇ। ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਉੱਪਰ ਵੀ ਤਿੱਖੇ ਹਮਲੇ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਵਲੋਂ ਰੋਪੜ ਏਰੀਏ ਵਿਚ ਰੇਤ ਮਾਫ਼ੀਆ ਦਾ ਗੈਂਗ ਚਲਾਇਆ ਜਾ ਰਿਹੈ ਅਤੇ ਉਸ ਦੇ ਨੱਕ ਹੇਠਾਂ ਵੱਡੀ ਮਾਈਨਿੰਗ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਹੈ। ਝੂਠੇ ਕਰੋੜਾਂ ਦੇ ਐਲਾਨ ਕਰ ਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਵਿਚ ਚੰਨੀ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਭਿ੍ਰਸ਼ਟਾਚਾਰ ਕਰਨ ਵਾਲੇ ਕਿਸੇ ਵੀ ਮੰਤਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਐਮ ਐਲ ਏ ਨਾਭਾ ਨੇ ਬੱਚਿਆਂ ਦਾ ਸਕਾਲਰਸ਼ਿਪ ਦਾ ਪੈਸਾ ਖਾਧਾ ਹੈ। ਉਨ੍ਹਾਂ ਉਪਰ ਪਹਿਲ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਨ. ਕੇ. ਸ਼ਰਮਾ, ਅਕਾਲੀ ਆਗੂ ਹਰੀ ਸਿੰਘ ਸਾਬਕਾ ਚੇਅਰਮੈਨ ਪੰਜਾਬ ਐੱਮ. ਡੀ. ਪ੍ਰੀਤ ਗਰੁੱਪ, ਸੁਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਪੰਜਾਬ ਤੇ ਹੋਰ ਹਾਜ਼ਰ ਸਨ।
ਫੋਟੋ ਨੰ 9ਪੀਏਟੀ. 16
ਨਾਭਾ ਦੀ ਅਨਾਜ ਮੰਡੀ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਅਨਾਜ ਮੰਡੀ ਨਾਭਾ ਵਿੱਚ ਰੈਲੀ ਦੌਰਾਨ ਹੋਏ ਇਕੱਠ ਦਾ ਦਿ੍ਰਸ਼।