
ਪੰਜਾਬ ਪੁਲਿਸ ਨੇ ਪਠਾਨਕੋਟ ਆਰਮੀ ਕੈਂਪ 'ਤੇ ਹੋਏ ਗਰਨੇਡ ਹਮਲੇ ਦੀ ਗੁੱਥੀ ਸੁਲਝਾਈ
ਨਵਾਂਸ਼ਹਿਰ, 10 ਜਨਵਰੀ (ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਭੰਗਲ) : ਪੰਜਾਬ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਗਰੁੱਪ ਵਲੋਂ ਹਮਾਇਤ ਪ੍ਰਾਪਤ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 6 ਕਾਰਕੁਨਾਂ ਨੂੰ ਗਿ੍ਫ਼ਤਾਰ ਕਰਕੇ, ਪਠਾਨਕੋਟ ਆਰਮੀ ਕੈਂਪ 'ਤੇ ਹੋਏ ਹਮਲੇ ਸਮੇਤ ਹੈਂਡ ਗ੍ਰੇਨੇਡ ਹਮਲਿਆਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਥੇ ਸੋਮਵਾਰ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀਕੇ ਭਾਵਰਾ ਨੇ ਦਸਿਆ ਕਿ ਐਸ.ਬੀ.ਐਸ. ਨਗਰ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਛੇ ਹੈਂਡ ਗਰਨੇਡ (86 ਪੀ), ਇਕ ਪਿਸਤੌਲ (9 ਐਮਐਮ), ਇਕ ਰਾਈਫ਼ਲ (.30 ਬੋਰ) ਦੇ ਨਾਲ-ਨਾਲ ਜ਼ਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਵੀ ਬਰਾਮਦ ਕੀਤੀਆਂ ਹਨ |
ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਅਮਨਦੀਪ ਉਰਫ਼ ਮੰਤਰੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਗੁਰਵਿੰਦਰ ਸਿੰਘ ਉਰਫ਼ ਗਿੰਦੀ, ਗੁਰਦਾਸਪੁਰ ਦੇ ਪਿੰਡ ਖਰਲ ਦੇ ਪਰਮਿੰਦਰ ਕੁਮਾਰ ਉਰਫ਼ ਰੋਹਿਤ ਉਰਫ਼ ਰੋਹਤਾ, ਗੁਰਦਾਸਪੁਰ ਦੇ ਪਿੰਡ ਗੁੰਨੂਪੁਰ ਦੇ ਰਜਿੰਦਰ ਸਿੰਘ ਉਰਫ਼ ਮੱਲ੍ਹੀ ਉਰਫ਼ ਨਿੱਕੂ, ਗੁਰਦਾਸਪੁਰ ਦੇ ਪਿੰਡ ਗੋਤਪੋਕਰ ਦੇ ਹਰਪ੍ਰੀਤ ਸਿੰਘ ਉਰਫ਼ ਢੋਲਕੀ ਅਤੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਮਨ ਕੁਮਾਰ ਵਜੋਂ ਹੋਈ ਹੈ |
ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ, ਦੋ ਮਾਮਲਿਆਂ ਵਿਚ ਕੱੁਝ ਅਣਪਛਾਤੇ ਵਿਅਕਤੀਆਂ ਨੇ ਪਠਾਨਕੋਟ ਵਿਖੇ ਹੈਂਡ ਗ੍ਰਨੇਡ ਸੁੱਟੇ ਸਨ – ਪਹਿਲਾ ਹਮਲਾ 11 ਨਵੰਬਰ, 2021 ਨੂੰ ਰਾਤ 9:30 ਵਜੇ ਚੱਕੀ ਪੁੱਲ ਨੇੜੇ, ਜਦਕਿ ਦੂਜਾ ਗ੍ਰਨੇਡ ਹਮਲਾ ਫ਼ੌਜ ਦੇ 21 ਉਪ ਖੇਤਰ ਤਿ੍ਵੇਣੀ ਦੁਆਰ ਦੇ ਬਾਹਰ ਪਠਾਨਕੋਟ ਵਿਖੇ 21 ਨਵੰਬਰ, 2021 ਨੂੰ ਰਾਤ 9 ਵਜੇ ਦੇ ਕਰੀਬ ਹੋਇਆ | | ਇਸ ਸਬੰਧੀ ਪੁਲਿਸ ਸਟੇਸ਼ਨ ਪਠਾਨਕੋਟ ਡਿਵੀਜਨ 2 ਅਤੇ ਡਿਵੀਜਨ 1 ਵਿਚ ਕ੍ਰਮਵਾਰ ਵੱਖ-ਵੱਖ ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦਸਿਆ ਕਿ ਮੁਢਲੀ ਪੁਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਅਤਿਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ ਉਹ (ਰੋਡੇ) ਦੇ ਸਵੈ-ਘੋਸ਼ਿਤ ਮੁਖੀ ਲਖਬੀਰ ਸਿੰਘ ਰੋਡੇ ਅਤੇ ਉਸ ਦੇ ਨਜ਼ਦੀਕੀ ਸਾਥੀਆਂ ਸੁਖਮੀਤਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਅਤੇ ਸੁਖਪ੍ਰੀਤ ਉਰਫ਼ ਸੁੱਖ ਦੇ ਸਿੱਧੇ ਸੰਪਰਕ ਵਿਚ ਸਨ |
ਉਨ੍ਹਾਂ ਕਿਹਾ Tਬਰਾਮਦ ਕੀਤੇ ਗਏ ਹੈਂਡ ਗ੍ਰਨੇਡ, ਹਥਿਆਰ ਅਤੇ ਗੋਲਾ ਬਾਰੂਦ ਦੀ ਸਾਰੀ ਖੇਪ ਲਖਬੀਰ ਰੋਡੇ ਵੱਲੋਂ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਇੱਧਰ ਲਿਆਂਦੀ ਗਈ ਸੀ ਅਤੇ ਗਿ੍ਫਤਾਰ ਕੀਤੇ ਗਏ ਦੋਸ਼ੀਆਂ ਨੂੰ ਪਹਿਲਾਂ ਤੋਂ ਮਿੱਥੇ ਗਏ ਟੀਚੇ ,ਜਿਸ ਵਿੱਚ ਮੁੱਖ ਤੌਰ 'ਤੇ ਪੁਲਿਸ ਅਤੇ ਰੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਆਦਿ ਸ਼ਾਮਲ ਹਨ, 'ਤੇ ਹੋਰ ਹਮਲੇ ਕਰਨ ਲਈ ਕੰਮ ਸੌਂਪਿਆ ਗਿਆ ਸੀ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪਠਾਨਕੋਟ ਵਿਚ ਦੋ ਵਾਰ ਹੱਥਗੋਲੇ ਸੁੱਟਣ ਦੀ ਗੱਲ ਵੀ ਕਬੂਲੀ ਹੈ |
ਐਸਬੀਐਸ ਨਗਰ ਦੀ ਐਸਐਸਪੀ ਕੰਵਰਦੀਪ ਕੌਰ ਨੇ ਦਸਿਆ ਕਿ ਐਸਬੀਐਸ ਨਗਰ ਪੁਲਿਸ ਨੇ ਯੂਏ(ਪੀ) ਐਕਟ ਦੀ ਧਾਰਾ 16,17,18 ਅਤੇ 20, ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਮਿਤੀ 07-01-2021 ਨੂੰ ਥਾਣਾ ਸਿਟੀ ਨਵਾਂਸ਼ਹਿਰ ਵਿਖੇ.ਐਫਆਈਆਰ ਦਰਜ ਕੀਤੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ |