
19 ਜ਼ਿਲ੍ਹਿਆਂ ਵਿਚ ਰੈਲੀਆਂ, ਧਰਨੇ, ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਕਰਨਾਲ - ਹਰਿਆਣਾ 'ਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ 8 ਹੋਰ ਜ਼ਿਲਿਆਂ ਨੂੰ ਗਰੁੱਪ ਏ (ਰੈੱਡ ਜ਼ੋਨ) 'ਚ ਸ਼ਾਮਲ ਕੀਤਾ ਗਿਆ ਹੈ। ਹੁਣ ਇਨ੍ਹਾਂ ਜ਼ਿਲ੍ਹਿਆਂ ਵਿਚ ਵੀ ਪਹਿਲਾਂ ਇਸ ਸ਼੍ਰੇਣੀ ਦੇ ਜ਼ਿਲ੍ਹਿਆਂ ਵਿਚ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਲਾਗੂ ਹੋਣਗੀਆਂ। ਹੁਣ ਸੂਬੇ ਦੇ 22 'ਚੋਂ 19 ਜ਼ਿਲ੍ਹੇ ਰੈੱਡ ਜ਼ੋਨ 'ਚ ਆ ਗਏ ਹਨ।
Corona virus
ਨਾਲ ਹੀ, ਨਵੇਂ ਹੁਕਮਾਂ ਤਹਿਤ ਇਨ੍ਹਾਂ ਸਾਰੇ 19 ਜ਼ਿਲ੍ਹਿਆਂ ਵਿਚ ਰੈਲੀਆਂ, ਧਰਨੇ, ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਰਿਆਣਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਅਤੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸੋਮਵਾਰ ਰਾਤ ਨੂੰ 'ਮਹਾਂਮਾਰੀ ਅਲਰਟ - ਸੁਰੱਖਿਅਤ ਹਰਿਆਣਾ' ਦਾ ਨਵਾਂ ਆਦੇਸ਼ ਜਾਰੀ ਕੀਤਾ। ਇਹ ਹੁਕਮ 19 ਜਨਵਰੀ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹਿਣਗੇ। ਸਿਰਸਾ, ਰੇਵਾੜੀ, ਜੀਂਦ, ਫਤਿਹਾਬਾਦ, ਮਹਿੰਦਰਗੜ੍ਹ, ਕੈਥਲ, ਭਿਵਾਨੀ ਅਤੇ ਹਿਸਾਰ ਜ਼ਿਲ੍ਹਿਆਂ ਨੂੰ ਗਰੁੱਪ ਏ ਵਿਚ ਸ਼ਾਮਲ ਕੀਤਾ ਗਿਆ ਹੈ।
Lockdown
ਇਸ ਤੋਂ ਪਹਿਲਾਂ 11 ਜ਼ਿਲ੍ਹੇ ਗਰੁੱਪ ਏ ਵਿਚ ਸ਼ਾਮਲ ਸਨ। ਇਨ੍ਹਾਂ ਵਿੱਚੋਂ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਅੰਬਾਲਾ, ਸੋਨੀਪਤ, ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਯਮੁਨਾਨਗਰ, ਰੋਹਤਕ ਅਤੇ ਝੱਜਰ ਵਿਚ 6 ਜਨਵਰੀ ਤੋਂ 12 ਜਨਵਰੀ ਤੱਕ ਪਾਬੰਦੀਆਂ ਲਗਾਈਆਂ ਗਈਆਂ ਸਨ। ਹੁਕਮਾਂ ਤਹਿਤ ਇਨ੍ਹਾਂ ਜ਼ਿਲ੍ਹਿਆਂ ਵਿਚ ਸਾਰੇ ਥੀਏਟਰ ਅਤੇ ਮਲਟੀਪਲੈਕਸ ਬੰਦ ਰਹਿਣਗੇ। ਸਾਰੇ ਖੇਡ ਕੰਪਲੈਕਸ, ਸਟੇਡੀਅਮ ਅਤੇ ਸਵੀਮਿੰਗ ਪੂਲ ਵੀ ਬੰਦ ਰਹਿਣਗੇ।
ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦੇ ਸਬੰਧ ਵਿਚ ਹੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਦੇ ਆਯੋਜਨ ਦੀ ਇਜਾਜ਼ਤ ਦਿੱਤੀ ਜਾਵੇਗੀ। ਕਿਸੇ ਵੀ ਬਾਹਰੀ ਵਿਅਕਤੀ ਜਾਂ ਦਰਸ਼ਕਾਂ ਨੂੰ ਸਟੇਡੀਅਮ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਾਰੇ ਮਨੋਰੰਜਨ ਪਾਰਕਾਂ ਅਤੇ ਬਿਜ਼ਨਸ-ਟੂ-ਬਿਜ਼ਨਸ ਪ੍ਰਦਰਸ਼ਨੀਆਂ 'ਤੇ ਵੀ ਪਾਬੰਦੀ ਹੈ।
ਇੰਨਾ ਹੀ ਨਹੀਂ ਇਨ੍ਹਾਂ 11 ਜ਼ਿਲ੍ਹਿਆਂ ਵਿਚ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਦਫ਼ਤਰਾਂ ਨੂੰ 50 ਫੀਸਦੀ ਸਟਾਫ਼ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। ਮਾਲ ਅਤੇ ਬਾਜ਼ਾਰ ਸ਼ਾਮ 6 ਵਜੇ ਤੱਕ ਹੀ ਖੁੱਲ੍ਹੇ ਰੱਖੇ ਜਾ ਸਕਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਬਾਰ ਅਤੇ ਰੈਸਟੋਰੈਂਟ 50% ਬੈਠਣ ਦੀ ਸਮਰੱਥਾ ਨਾਲ ਕੰਮ ਕਰਨਗੇ। ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਆਵਾਜਾਈ 'ਤੇ ਪਾਬੰਦੀ ਰਹੇਗੀ।