
ਆਪਣੇ ਬਜ਼ੁਰਗਾਂ ਦੀਆਂ ਯਾਦਾਂ ਦੇਖ ਹੋਏ ਭਾਵੁਕ, ਕਿਹਾ- ਮਿੱਟੀ ਦਾ ਮੋਹ ਹੀ ਹੈ ਜੋ ਮੈਨੂੰ ਇਥੇ ਖਿੱਚ ਲਿਆਇਆ
ਮਲਸੀਆਂ: ਭਾਰਤ ਪਾਕਿਸਤਾਨ ਦੀ 1947 ਵੇਲੇ ਦੀ ਵੰਡ ਨੂੰ ਭਾਵੇਂ 75 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਇਸ ਉਜਾੜੇ ਦੀ ਚੀਸ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਵੰਡ ਦੌਰਾਨ ਕਈ ਪਰਿਵਾਰ ਆਪਣੇ ਪਿਆਰਿਆਂ ਤੋਂ ਵਿਛੜ ਗਏ ਸਨ ਜਿਨ੍ਹਾਂ ਦੇ ਦਿਲ ਵਿਚ ਅੱਜ ਵੀ ਆਪਣੀ ਜਨਮ ਭੋਏਂ ਨੂੰ ਦੇਖਣ ਦੀ ਉਮੀਦ ਰਹਿੰਦੀ ਹੈ। ਅਜਿਹੇ ਹੀ ਪਿਆਰ ਦੇ ਤੰਦ ਨਾਲ ਬੱਝਾ ਇੱਕ ਪਰਿਵਾਰ ਆਪਣੇ ਵਡੇਰਿਆਂ ਦੀ ਜਨਮ ਤੇ ਕਰਮ ਭੂਮੀ ਨੂੰ ਦੇਖਣ ਇੰਗਲੈਂਡ ਤੋਂ ਜ਼ਿਲ੍ਹੇ ਦੀ ਸ਼ਾਹਕੋਟ ਤਹਿਸੀਲ ਦੇ ਪਿੰਡ ਤਾਹਰਪੁਰ ਤੇ ਬਾਹਮਣੀਆਂ ਪਹੁੰਚਿਆ।
ਇਹ ਪਰਿਵਾਰ ਵੰਡ ਦੌਰਾਨ ਉੱਜੜ ਕੇ ਪਾਕਿਸਤਾਨ ਗਏ ਅਬਦੁਲ ਗਨੀ ਜਾਵੇਦ ਦਾ ਪਰਿਵਾਰ ਹੈ ਜੋ ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਨੂੰ ਦੇਖਣ ਇਥੇ ਪਹੁੰਚਿਆ। ਇੰਗਲੈਂਡ ਦੇ ਲੰਡਨ ਅਤੇ ਮਾਨਚੈਸਟਰ ’ਚ ਰਹਿੰਦੇ ਇਸ ਪਾਕਿਸਤਾਨੀ ਮੂਲ ਦੇ ਪਰਿਵਾਰ ਦੀ ਅਗਵਾਈ ਸਾਜਿਦ ਜਾਵੇਦ ਕਰ ਰਹੇ ਹਨ ਜੋ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਕੈਬਨਿਟ ’ਚ ਸਿਹਤ ਮੰਤਰੀ ਰਹਿ ਚੁੱਕੇ ਹਨ। ਦੱਸ ਦੇਈਏ ਕਿ ਸਾਜਿਦ ਜਾਵੇਦ ਵੰਡ ਵੇਲੇ ਉਜਾੜੇ ਦਾ ਸਾਹਮਣਾ ਕਾਰਨ ਵਾਲੇ ਅਬਦੁਲ ਗਨੀ ਜਾਵੇਦ ਦੇ ਪੁੱਤਰ ਹਨ।
ਸਾਜਿਦ ਜਾਵੇਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਮਿੱਟੀ ਦਾ ਮੋਹ ਹੀ ਇਥੇ ਖਿੱਚ ਲਿਆਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਬਜ਼ੁਰਗਾਂ ਦੀ ਧਰਤੀ ’ਤੇ ਆ ਕੇ ਬਹੁਤ ਵਧੀਆ ਲੱਗਾ। ਵੰਡ ਕਾਰਨ ਦੋਵਾਂ ਪੰਜਾਬਾਂ ਦੇ ਲੋਕ ਇਕ-ਦੂਜੇ ਤੋਂ ਵਿੱਛੜ ਗਏ।
ਪਿੰਡ ਤਾਹਰਪੁਰ ਪਹੁੰਚਣ ’ਤੇ ਅਮਰਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਸਾਰਿਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਐੱਮਪੀ ਸਾਜਿਦ ਜਾਵੇਦ ਤੇ ਪਰਿਵਾਰ ਨੂੰ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਜ਼ਮੀਨਾਂ, ਖੂਹ, ਕਬਰਿਸਤਾਨ ਆਦਿ ਬਾਰੇ ਜਾਣਕਾਰੀ ਦੇ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਈਆਂ। ਅਮਰਜੀਤ ਸਿੰਘ ਨੇ ਸਾਜਿਦ ਨੂੰ 195 ਸਾਲ ਪੁਰਾਣਾ ਪਿਲਕਣ ਦਾ ਦਰੱਖਤ ਵੀ ਦਿਖਾਇਆ ਜਿਸ ਦੇ ਹੇਠਾਂ ਉਸ ਦੇ ਪਿਤਾ ਅਬਦੁਲ ਗਨੀ ਜਾਵੇਦ ਖੇਡਦੇ ਹੁੰਦੇ ਸਨ।
ਸਾਜਿਦ ਜਾਵੇਦ ਨੇ ਕਿਹਾ ਕਿ ਪੰਜਾਬ ਦੇ ਲੋਕ ਖੁਸ਼ਦਿਲ ਤੇ ਮਿਲਾਪੜੇ ਸੁਭਾਅ ਦੇ ਹਨ। ਇਨ੍ਹਾਂ ਵੱਲੋਂ ਕੀਤੀ ਮਹਿਮਾਨ-ਨਿਵਾਜੀ ਨੂੰ ਉਹ ਸਦਾ ਯਾਦ ਰੱਖਣਗੇ। ਇਸ ਮੌਕੇ ਅਮਰਜੀਤ ਸਿੰਘ ਦੇ ਘਰ ਯੂਕੇ ਦੇ ਜੰਮਪਲ ਸਾਜਿਦ ਜਾਵੇਦ ਤੇ ਉਨ੍ਹਾਂ ਦੇ ਪਰਿਵਾਰ ਨੇ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਬੜੇ ਸ਼ੌਕ ਨਾਲ ਖਾਧਾ।
ਇਸ ਤੋਂ ਬਾਅਦ ਉਹ ਪਿੰਡ ਬਾਹਮਣੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੁੱਜੇ। ਇਸ ਸਕੂਲ ਵਿਚ ਐੱਮਪੀ ਸਾਜਿਦ ਦੇ ਪਿਤਾ ਅਬਦੁਲ ਗਨੀ ਜਾਵੇਦ ਛੋਟੇ ਹੁੰਦੇ ਪੜ੍ਹੇ ਸਨ। ਸਕੂਲ ਪੁੱਜਣ ’ਤੇ ਸਮੂਹ ਸਟਾਫ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਕੂਲ ਦੀ 1947 ਤੋਂ ਪਹਿਲਾਂ ਦੀ ਪੁਰਾਣੀ ਬਿਲਡਿੰਗ ਦੀ ਵੀਡੀਓ ਦਿਖਾਈ ਗਈ। ਇਸ ਮੌਕੇ ਸਾਜਿਦ ਜਾਵੇਦ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਸਕੂਲ ਨੂੰ ਇਕ ਪ੍ਰਾਜੈਕਟਰ ਤੇ ਹੋਰ ਮਾਲੀ ਮਦਦ ਭੇਜਣ ਦਾ ਵਾਅਦਾ ਕੀਤਾ।