
ਯੂ-ਟਿਊਬ ’ਤੇ ਸਿਖਲਾਈ ਲੈ ਕੇ ਚੀਜ਼ਾਂ ਨੂੰ ਆਨਲਾਈਨ ਆਰਡਰ ਕੀਤਾ
ਗੁਰਦਾਸਪੁਰ : ਟਿਬਰੀ ਆਰਮੀ ਕੈਂਟ ’ਚ ਤਾਇਨਾਤ ਇਕ ਹੌਲਦਾਰ ਨੂੰ ਸਾਥੀਆਂ ਨਾਲ ਮਿਲ ਕੇ ਬੈਂਕ ਦੇ ਏ.ਟੀ.ਐਮ. ਨੂੰ ਕੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫਤਾਰ। ਫੜੇ ਜਾਣ ਮਗਰੋਂ ਹੌਲਦਾਰ ਨੇ ਬਟਾਲਾ ਪੁਲਿਸ ਕੋਲ ਪ੍ਰਗਟਾਵਾ ਕੀਤਾ ਕਿ ਉਸ ਨੇ ਹੁਣ ਤਕ ਦੋ ਏ.ਟੀ.ਐਮ. ਕੱਟੇ ਗਏ ਹਨ। ਪੁਲਿਸ ਹੁਣ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰੇਗੀ ਅਤੇ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਕਰੇਗੀ।
ਪੁਲਿਸ ਲਾਈਨ ’ਚ ਐਸ.ਪੀ.ਡੀ. ਗੁਰਪ੍ਰੀਤ ਸਿੰਘ ਸਹੋਤਾ ਨੇ ਦਸਿਆ ਕਿ ਤਿਬੜੀ ਕੈਂਟ ਗੁਰਦਾਸਪੁਰ ’ਚ 14 ਜਾਟ ਰੈਜੀਮੈਂਟ ’ਚ ਤਾਇਨਾਤ ਆਰਮੀ ਹੌਲਦਾਰ ਪ੍ਰਵੀਨ ਕੁਮਾਰ ਅਪਣੇ ਦੋ ਸਾਥੀਆਂ ਹੀਰਾ ਮਸੀਹ ਟਿਬਰੀ ਕੈਂਟ ’ਚ ਨਿੱਜੀ ਕੰਮ ਕਰਦਾ ਹੈ ਅਤੇ ਉਸ ਨੂੰ ਆਰਮੀ ਕੈਂਟ ਜਾਣ ਲਈ ਪਾਸ ਵੀ ਜਾਰੀ ਹੋ ਚੁੱਕਾ ਹੈ।
ਉਸ ਨੇ ਦੋਹਾਂ ਵਸਨੀਕਾਂ ਸੋਰੀਆਂ ਬੰਗੜ ਥਾਣਾ ਕਾਹਨੂੰਵਾਨ ਦੀ ਮਦਦ ਨਾਲ ਹੁਣ ਤਕ ਦੋ ਏ.ਟੀ.ਐਮ. ਕੱਟਣ ਦੀ ਕੋਸ਼ਿਸ਼ ਕੀਤੀ ਹੈ। 6 ਜਨਵਰੀ ਨੂੰ ਬਟਾਲਾ ਦੇ ਪਿੰਡ ਡੇਅਰੀ ਦਰੋਗਾ ’ਚ ਇਕ ਵਿਅਕਤੀ ਨੇ ਗੈਸ ਕਟਰ ਨਾਲ ਐਸ.ਬੀ.ਆਈ. ਦੇ ਏ.ਟੀ.ਐਮ. ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ 7 ਜਨਵਰੀ ਦੀ ਰਾਤ ਨੂੰ ਦੀਨਾ ਨਗਰ ਦੇ ਪਿੰਡ ਭਟੋਆ ’ਚ ਪੀ.ਐਨ.ਬੀ. ਦੇ ਏ.ਟੀ.ਐਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਗੈਸ ਸਿਲੰਡਰ, ਕਟਰ ਅਤੇ ਇਕ ਬਾਈਕ ਬਰਾਮਦ ਕੀਤੀ ਹੈ।
ਪੁਲਿਸ ਅਨੁਸਾਰ ਮੁਲਜ਼ਮਾਂ ਨੇ ਯੂ-ਟਿਊਬ ਵੇਖ ਕੇ ਏ.ਟੀ.ਐਮ. ਕੱਟਣ ਦੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਆਨਲਾਈਨ ਗੈਸ ਸਿਲੰਡਰ, ਕਟਰ ਮੰਗਵਾਏ ਅਤੇ ਤਿੰਨਾਂ ਨੇ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿਤਾ।