
ਸੁਨਾਮ ’ਚ ਕਿਸਾਨਾਂ ਦੇ ਵਿਰੋਧ ਕਾਰਨ ਚੋਣ ਜਲਸਾ ਵਿਚਾਲੇ ਛੱਡ ਕੇ ਭੱਜੇ ਭਾਜਪਾਈ
ਹਾਰ ਦੇ ਡਰੋਂ ਕਾਂਗਰਸੀ ਕਰਵਾ ਰਹੇ ਨੇ ਅਜਿਹੀਆਂ ਹਰਕਤਾਂ : ਵਿਨੋਦ ਗੁਪਤਾ
ਸੁਨਾਮ ਊਧਮ ਸਿੰਘ ਵਾਲਾ 10 ਫ਼ਰਵਰੀ (ਦਰਸ਼ਨ ਸਿੰਘ ਚੌਹਾਨ) : ਸੂਬੇ ਅੰਦਰ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਸੁਨਾਮ ਦੇ ਵਾਰਡ ਨੰਬਰ ਤੇਰਾਂ ਤੋਂ ਭਾਜਪਾ ਦੀ ਉਮੀਦਵਾਰ ਪ੍ਰਵੀਨ ਲਤਾ ਦੇ ਚੋਣ ਜਲਸੇ ਦਾ ਅੱਜ ਦੇਰ ਸ਼ਾਮ ਕਿਸਾਨਾਂ ਵਲੋਂ ਕੀਤੇ ਜੋਰਦਾਰ ਵਿਰੋਧ ਕਾਰਨ ਭਾਜਪਾਈਆਂ ਨੂੰ ਚੋਣ ਜਲਸਾ ਵਿਚਾਲੇ ਛੱਡ ਕੇ ਭੱਜਣਾ ਪਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਰਾਮਸ਼ਰਨ ਉਗਰਾਹਾਂ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਭਾਜਪਾ ਵਿਰੁਧ ਜੋਰਦਾਰ ਨਾਹਰੇਬਾਜ਼ੀ ਕੀਤੀ। ਕਿਸਾਨਾਂ ਦੇ ਵਿਰੋਧ ਕਾਰਨ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਭਾਜਪਾ ਆਗੂ ਅਤੇ ਪਬਲਿਕ ਕੁਰਸੀਆਂ ਛੱਡ ਕੇ ਨੌਂ ਦੋ ਗਿਆਰਾਂ ਹੋ ਗਏ ਜਿਸਤੋਂ ਬਾਅਦ ਕਿਸਾਨਾਂ ਨੇ ਚੋਣ ਜਲਸੇ ਵਾਲੀ ਜਗ੍ਹਾ ਤੇ ਧਰਨਾ ਦੇ ਕੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਰਾਮਸ਼ਰਨ ਸਿੰਘ ਉਗਰਾਹਾਂ ਅਤੇ ਪਰਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਕਰੀਬ ਛੇ ਮਹੀਨਿਆਂ ਤੋਂ ਪਰਵਾਰਾਂ ਸਮੇਤ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋ ਰਹੇ ਹਨ ਲੇਕਿਨ ਭਾਜਪਾ ਨੂੰ ਕੌਂਸਲ ਚੋਣਾਂ ਲੜਣ ਦੀ ਕਾਹਲੀ ਪਈ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਨੂੰ ਅੱਜ ਸੁਨਾਮ ਵਿਖੇ ਕੀਤੇ ਜਾ ਰਹੇ ਇਸ ਜਲਸੇ ਵਿੱਚ ਕਿਸੇ ਵੱਡੇ ਭਾਜਪਾ ਆਗੂ ਦੇ ਆਉਣ ਦੀ ਭਿਣਕ ਪਈ ਸੀ ਜਿਸ ਕਾਰਨ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।ਉੱਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਦਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ, ਉੱਨ੍ਹਾਂ ਕਾਲੇ ਖੇਤੀ ਕਾਨੂੰਨ ਪਾਸ ਹੋਣ ਵਿੱਚ ਕਾਂਗਰਸੀਆਂ ਨੂੰ ਵੀ ਬਰਾਬਰ ਦਾ ਜਿੰਮੇਵਾਰ ਠਹਿਰਾਇਆ ਹੈ। ਇਸ ਮੌਕੇ ਹਰਿੰਦਰ ਸਿੰਘ ਸੁਨਾਮ, ਮਿੱਠੂ ਸਿੰਘ ਸਮੇਤ ਦਰਜ਼ਨਾਂ ਕਿਸਾਨ ਹਾਜਰ ਸਨ।ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ।ਜਦੋਂ ਪ੍ਰਵੀਨ ਲਤਾ ਦੇ ਪਤੀ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕੌਂਸਲ ਚੋਣਾਂ ਵਿੱਚ ਹਾਰ ਦੇ ਡਰੋਂ ਕਾਂਗਰਸੀਆਂ ਵਲੋਂ ਅਜਿਹੀਆਂ ਹਰਕਤਾਂ ਕਰਵਾਈਆਂ ਜਾ ਰਹੀਆਂ ਹਨ।ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਵਿਨੋਦ ਗੁਪਤਾ ਦੇ ਘਰ ਮੂਹਰੇ ਲਗਾਤਾਰ ਧਰਨਾ ਦਿਤਾ ਜਾ ਰਿਹਾ ਹੈ।
ਫੋਟੋ-ਸੁਨਾਮ ਵਿਖੇ ਭਾਜਪਾ ਦੇ ਚੋਣ ਜਲਸੇ ਦਾ ਵਿਰੋਧ ਕਰ ਰਹੇ ਕਿਸਾਨ।ਫੋਟੋ ਚੌਹਾਨ।
ਫਾਈਲ-10---ਸੁਨਾਮ-02--ਬੀਜੇਪੀ