
ਮੋਦੀ ਦੀ 56 ਇੰਚ ਛਾਤੀ ’ਚ ਪੂੰਜੀਪਤੀਆਂ ਲਈ ਧੜਕਦਾ ਹੈ ਦਿਲ : ਪ੍ਰਿਯੰਕਾ ਗਾਂਧੀ
ਕਿਹਾ, ਖੇਤੀ ਕਾਨੂੰਨ ਰਾਹੀਂ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਸਰਕਾਰ
ਸਹਾਰਨਪੁਰ, 10 ਫ਼ਰਵਰੀ: ਸਹਾਰਨਪੁਰ ਦੇ ਚਿਲਕਾਨਾ ’ਚ ਕਰਵਾਈ ਗਈ ਮਹਾਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਸਰਕਾਰ ’ਤੇ ਸ਼ਬਦੀ ਹਮਲੇ ਕੀਤੇ। ਪ੍ਰਿਯੰਕਾ ਨੇ ਕਿਹਾ ਕਿ 1955 ’ਚ, ਜਵਾਹਰ ਲਾਲ ਨਹਿਰੂ ਨੇ ਜਮਾਖ਼ੋਰੀ ਵਿਰੁਧ ਕਾਨੂੰਨ ਬਣਾਇਆ ਸੀ ਪਰ ਇਸ ਕਾਨੂੰਨ ਨੂੰ ਭਾਜਪਾ ਸਰਕਾਰ ਨੇ ਖ਼ਤਮ ਕਰ ਦਿਤਾ। ਨਵੇਂ ਖੇਤੀ ਕਾਨੂੰਨ ’ਅਰਬਪਤੀਆਂ’ ਦੀ ਮਦਦ ਕਰਨਗੇ। ਅਰਬਪਤੀ ਕਿਸਾਨਾਂ ਦੀ ਉਪਜ ਦੀ ਕੀਮਤ ਤੈਅ ਕਰਨਗੇ।
ਪ੍ਰਿਯੰਕਾ ਨੇ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦੀ 56 ਇੰਚ ਦੀ ਛਾਤੀ ’ਚ ਦਿਲ ਪੂੰਜੀਪਤੀਆਂ ਲਈ ਧੜਕਦਾ ਹੈ, ਇਨ੍ਹਾਂ ਦਾ ਦਿਲ ਕਿਸਾਨਾਂ ਲਈ ਨਹੀਂ ਧੜਕਦਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਗੰਨੇ ਦਾ ਬਕਾਇਆ 15 ਹਜ਼ਾਰ ਕਰੋੜ ਵਿਆਜ਼ ਨਾਲ ਮਿਲੇਗਾ ਪਰ ਹਾਲੇ ਤਕ ਕੁਝ ਨਹੀਂ ਮਿਲਿਆ। ਇਨ੍ਹਾਂ ਨੇ ਅਪਣੇ ਲਈ 2 ਜਹਾਜ਼ ਖ਼ਰੀਦੇ ਹਨ, ਜੋ 16 ਹਜ਼ਾਰ ਕਰੋੜ ਦੇ ਹਨ, ਉਹ ਖ਼ਰੀਦੇ ਅਤੇ ਤੁਹਾਨੂੰ ਗੰਨੇ ਦਾ ਬਕਾਇਆ ਨਹੀਂ ਮਿਲਿਆ। ਪ੍ਰਿਯੰਕਾ ਨੇ ਕਿਹਾ ਕਿ ਪੀ.ਐੱਮ. ਮੋਦੀ ਦਾ ਦਿਲ ਪੂੰਜੀਪਤੀਆਂ ਲਈ ਧੜਕਦਾ ਹੈ, ਕਿਸਾਨਾਂ ਲਈ ਨਹੀਂ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਖੇਤੀ ਕਾਨੂੰਨ ਬਣਾਏ ਹਨ, ਉਨ੍ਹਾਂ ਰਾਹੀਂ ਸਰਕਾਰ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ। ਪਹਿਲਾ ਕਾਨੂੰਨ ਭਾਜਪਾ ਦੀ ਅਗਵਾਈ ਦੇ ਪੂੰਜੀਪਤੀ ਦੋਸਤਾਂ ਲਈ ਜਮ੍ਹਾਖ਼ੋਰੀ ਦੇ ਦਰਵਾਜ਼ੇ ਖੋਲ੍ਹੇਗਾ। ਦੂਜੇ ਕਾਨੂੰਨ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਇਸ ਕਾਨੂੰਨ ਨਾਲ ਤੁਹਾਨੂੰ ਉਪਜ ਦੀ ਸਹੀ ਕੀਮਤ ਨਹੀਂ ਮਿਲ ਸਕੇਗੀ। ਪੂੰਜੀਪਤੀ ਅਪਣੀ ਮਨਮਰਜ਼ੀ ਨਾਲ ਕੀਮਤ ਤੈਅ ਕਰਨਗੇ ਅਤੇ ਇਸ ਨਾਲ ਪੂਰੀ ਤਰ੍ਹਾਂ ਨਾਲ ਜਮ੍ਹਾਖ਼ੋਰੀ ਹੋਵੇਗੀ। (ਏਜੰਸੀ)