
ਪ੍ਰਦਰਸ਼ਨ ’ਤੇ ਪਾਬੰਦੀ ਦੇ ਬਾਵਜੂਦ ਮਿਆਂਮਾਰ ਵਿਚ ਤਖ਼ਤਾ ਪਲਟ ਵਿਰੁਧ ਫਿਰ ਸੜਕਾਂ ਉਤੇ ਉਤਰੇ ਲੋਕ
ਸੰਗੂਨ, 10 ਫ਼ਰਵਰੀ : ਮਿਆਂਮਾਰ ਵਿਚ ਪ੍ਰਦਰਸ਼ਨ ’ਤੇ ਲੱਗੀ ਪਾਬੰਦੀ ਦੇ ਬਾਵਜੂਦ ਬੁਧਵਾਰ ਨੂੰ ਲੋਕ ਇਕ ਵਾਰ ਫਿਰ ਦੇਸ਼ ਵਿਚ ਫ਼ੌਜੀ ਤਖ਼ਤਾ ਪਲਟ ਵਿਰੁਧ ਸੜਕਾਂ ’ਤੇ ਉਤਰ ਆਏ। ਇਸ ਤੋਂ ਪਹਿਲਾਂ ਲੋਕਾਂ ਨੇ ਮੰਗਲਵਾਰ ਨੂੰ ਵੀ ਦੇਸ਼ ਵਿਚ ਪ੍ਰਦਰਸ਼ਨ ਕੀਤਾ ਸੀ। ਮਿਆਂਮਾਰ ਦੇ ਦੋ ਵੱਡੇ ਸ਼ਹਿਰਾਂ ਯੰਗੂਨ ਅਤੇ ਮੰਡਾਲੇ ਵਿਚ ਪ੍ਰਦਰਸ਼ਨ ਦੀਆਂ ਖ਼ਬਰਾਂ ਹਨ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਸੱਤਾ ਚੁਣੀ ਗਈ ਸਰਕਾਰ ਨੂੰ ਵਾਪਸ ਕੀਤੀ ਜਾਵੇ। ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਚੁਣੀ ਹੋਈ ਆਗੂ ਆਂਗ ਸਾਨ ਸੂ ਕੀ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਫ਼ੌਜ ਦਾ ਕਹਿਣਾ ਹੈ ਕਿ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਹਟਾਉਣ ਦਾ ਇਕ ਕਾਰਨ ਚੋਣਾਂ ਵਿਚ ਖ਼ਾਮੀਆਂ ਦੀ ਠੀਕ ਤਰੀਕੇ ਨਾਲ ਜਾਂਚ ਨਾ ਕਰਨਾ ਹੈ। ਨੇਪੀਤਾ ਅਤੇ ਮੰਡਾਲੇ ਵਿਚ ਮੰਗਲਵਾਰ ਨੂੰ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ, ਜਿਥੇ ਭੀੜ ਨੂੰ ਖਿਡਾਉਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਸਨ ਅਤੇ ਹਵਾ ਵਿਚ ਗੋਲੀਆਂ ਚਲਾਈਆਂ ਗਈਆਂ ਸਨ। ਨੇਪੀਤਾ ਵਿਚ ਭੀੜ ’ਤੇ ਰਬੜ ਦੀਆਂ ਗੋਲੀਆਂ ਚਲਾਏ ਜਾਣ ਦੀ ਖ਼ਬਰ ਸਾਹਮਣੇ ਆਈ ਸੀ।
ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ‘ਮਿਆਂਮਾਰ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ’ ਮਾਮਲੇ ’ਤੇ ਵਿਚਾਰ ਕਰਨ ਲਈ ਸ਼ੁਕਰਵਾਰ ਨੂੰ ਵਿਸ਼ੇਸ਼ ਸਤਰ ਕਰਵਾਇਆ ਜਾ ਰਿਹਾ ਹੈ।