
ਲਖੀਮਪੁਰ ਖੇੜੀ ਹਿੰਸਾ : ਕੇਂਦਰੀ ਮੰਤਰੀ ਦੇ ਬੇਟੇ ਤੇ ਮਾਮਲੇ 'ਚ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ
ਲਖਨਊ, 10 ਫ਼ਰਵਰੀ : ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ਼ ਮੋਨੂ ਨੂੰ ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ ਜ਼ਮਾਨਤ ਦੇ ਦਿਤੀ | ਇਸ ਘਟਨਾ 'ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ | ਜਸਟਿਸ ਰਾਜੀਵ ਸਿਨਹਾ ਨੇ ਇਸ ਮਾਮਲੇ ਵਿਚ ਮੋਨੂ ਨੂੰ ਜ਼ਮਾਨਤ ਦੇ ਦਿਤੀ | ਅਦਾਲਤ ਦੇ ਲਖਨਊ ਬੈਂਚ ਨੇ ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਪੂਰੀ ਕਰਨ ਦੇ ਬਾਅਦ ਮਿਸ਼ਰਾ ਦੀ ਪਟੀਸ਼ਨ 'ਤੇ 18 ਜਨਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ |
ਮਿਸ਼ਰਾ ਵਲੋਂ ਪੇਸ਼ ਵਕੀਲ ਨੇ ਅਦਾਲਤ ਤੋਂ ਕਿਹਾ ਸੀ ਕਿ ਉਨ੍ਹਾਂ ਦਾ ਮੁਵੱਕਿਲ ਨਿਰਦੋਸ਼ ਹੈ ਅਤੇ ਉਸ ਦੇ ਖ਼ਿਲਾਫ਼ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਉਸ ਨੇ ਕਿਸਾਨਾਂ ਨੂੰ ਕੁਚਲਣ ਲਈ ਇਕ ਗੱਡੀ ਦੇ ਡਰਾਈਵਰ ਨੂੰ ਉਕਸਾਈਆ ਸੀ | ਪਟੀਸ਼ਨ ਦਾ ਵਿਰੋਧ ਕਰਦੇ ਹੋਏ ਵਧੀਕ
ਐਡਵੋਕੇਟ ਜਰਨਲ ਵੀਕੇ ਸ਼ਾਹ ਨੇ ਕਿਹਾ ਸੀ ਕਿ ਘਟਨਾ ਦੇ ਸਮੇਂ ਮਿਸ਼ਰਾ ਉਸ ਕਾਰ ਵਿਚ ਸਵਾਰ ਸੀ ਜਿਸ ਨੇ ਕਿਸਾਨਾਂ ਨੂੰ ਕਥਿਤ ਤੌਰ 'ਤੇ ਅਪਣੇ ਟੇਰਾਂ ਹੇਠ ਕੁਚਲ ਦਿਤਾ ਸੀ | ਪਟੀਸ਼ਨਾਂ 'ਤੇ ਸੁਣਵਾਈ ਤੋਂ ਬਾਅਦ ਜਸਟਿਸ ਰਾਜੀਵ ਸਿੰਘ ਦੇ ਸਿੰਗਲ ਬੈਂਚ ਨੇ ਅਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ |
ਜ਼ਿਕਰਯੋਗ ਹੈ ਕਿ ਤਿੰਨ ਅਕਤੂਬਰ 2021 ਨੂੰ ਲਖੀਮਪੁਰ ਖੇੜੀ ਵਿਚ ਹੋਈ ਹਿੰਸਾ ਦੌਰਾਨ ਅੱਠ ਲੋਕਾਂ ਦੀ ਮੌਤ ਹੋ ਗਈ ਸੀ | ਇਹ ਹਿੰਸਾ ਉਦੋਂ ਹੋਈ ਸੀ ਜਦ ਕਿਸਾਨ ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਦੇ ਇਲਾਕੇ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ | ਘਟਨਾ ਦੇ ਆਰੋਪੀਆਂ ਵਿਚ ਆਸ਼ੀਸ਼ ਮਿਸ਼ਰਾ ਦਾ ਨਾਂ ਵੀ ਸ਼ਾਮਲ ਹੈ | (ਏਜੰਸੀ)