
ਭਖਾਇਆ ਚੋਣ ਅਖਾੜਾ
ਧੂਰੀ - ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਉਹਨਾਂ ਦੀ ਬੇਟੀ ਹਰਸ਼ਿਤਾ ਕੇਜਰੀਵਾਲ, ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਮਹਿਲਾ ਸੰਵਾਦ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਧੂਰੀ ਪਹੁੰਚੇ। ਇਸ ਮੌਕੇ ਇਨ੍ਹਾਂ ਸਾਰਿਆਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇਸ ਮੌਕੇ ਕਿਹਾ ਕਿ ਅਸੀਂ ਇੱਥੇ ਭਗਵੰਤ ਮਾਨ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਆਏ ਹਾਂ, ਪਰ ਇੱਥੇ ਲੋਕਾਂ ਨੇ ਭਗਵੰਤ ਮਾਨ ਨੂੰ ਵੋਟ ਪਾਉਣ ਦਾ ਫੈਸਲਾ ਪਹਿਲਾ ਹੀ ਕੀਤਾ ਹੈ। ਲੋਕ ਸਮਝਦੇ ਹਨ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕੰਮ ਕੀਤਾ ਹੈ ਅਤੇ ਇੱਥੇ ਵੀ ਕਰੇਗੀ।
ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਭਗਵੰਤ ਮਾਨ ਲਈ ਵੋਟਾਂ ਮੰਗਣ ਆਈ ਹਾਂ। ਭਗਵੰਤ ਮੇਰਾ ਦਿਓਰ ਹੈ, ਮੈਂ ਉਸ ਨੂੰ ਆਪਣਾ ਛੋਟਾ ਭਰਾ ਸਮਝਦੀ ਹਾਂ। ਉਨ੍ਹਾਂ ਕਿਹਾ ਕਿ ਭਗਵੰਤ ਪਿਛਲੇ 8 ਸਾਲਾਂ ਤੋਂ ਸੰਗਰੂਰ ਤੋਂ ਸੰਸਦ ਮੈਂਬਰ ਹਨ ਅਤੇ ਪੰਜਾਬ ਦੀ ਸੇਵਾ ਵਿਚ ਲੱਗੇ ਹੋਏ ਹਨ। ਸਿਰਫ਼ ਉਹ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿਚ ਉਠਾਉਂਦੇ ਹਨ ਅਤੇ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੀ ਸਾਰੀ ਮੁਹਿੰਮ ਛੱਡ ਕੇ ਕਿਸਾਨਾਂ ਦੇ ਮੁੱਦੇ ਉਠਾਉਣ ਲਈ ਸੰਸਦ ਵਿਚ ਗਏ ਸਨ।
Sunita Kejriwal
ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਬਹੁਤ ਇਮਾਨਦਾਰ ਹਨ ਅਤੇ ਉਨ੍ਹਾਂ ਵਿੱਚ ਪੰਜਾਬ ਦਾ ਭਲਾ ਕਰਨ ਦਾ ਜਨੂੰਨ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਸੁਪਨਾ ਹੈ ਕਿ ਹਰ ਘਰ ਤਰੱਕੀ ਹੋਵੇ। ਹਰ ਘਰ ਵਿੱਚ ਬਿਜਲੀ, ਪਾਣੀ ਮੁਫ਼ਤ ਹੋਵੇ, ਮੁੱਢਲੀਆਂ ਲੋੜਾਂ ਮੁਫ਼ਤ ਹੋਣ, ਸਿੱਖਿਆ ਤੇ ਸਿਹਤ ਮੁਫ਼ਤ ਹੋਵੇ। ਜੇਕਰ ਇਹ ਸਭ ਮੁਫਤ ਹੋਵੇਗਾ ਤਾਂ ਤੁਹਾਡੇ ਘਰ ਵਿਚ ਪੈਸੇ ਬਚ ਜਾਣਗੇ।
Harshita Kejriwal
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਨੇ ਕਿਹਾ ਕਿ ਕੇਜਰਾਵੀਲ ਤੇ ਭਗਵੰਤ ਮਾਨ ਦੋ ਭਰਾਵਾਂ ਦੀ ਜੋੜੀ ਹੈ ਜਿਸ ਤੋਂ ਲੋਕਾਂ ਨੂੰ ਉਮੀਦ ਦੀ ਨਵੀਂ ਕਿਰਨ ਦਿਖਾਈ ਦੇ ਰਹੀ ਹੈ। ਹਰਸ਼ਿਤਾ ਨੇ ਕਿਹਾ, ਮੌਜੂਦਾ ਸਰਕਾਰਾਂ ਨੇ ਸਾਨੂੰ ਬੇਵੱਸ ਕਰ ਦਿੱਤਾ ਹੈ। ਮੈਨੂੰ ਭਾਸ਼ਣ ਦੇਣਾ ਨਹੀਂ ਆਉਂਦਾ ਪਰ ਤੁਹਾਡੇ ਲੋਕਾਂ ਦੇ ਜੋਸ਼ ਨੇ ਮੇਰੇ ਅੰਦਰ ਜਾਨ ਪਾ ਦਿੱਤੀ ਹੈ। ਮੈਂ ਇੱਥੇ ਆਪਣੇ ਚਾਚਾ ਭਗਵੰਤ ਮਾਨ ਲਈ ਵੋਟਾਂ ਮੰਗਣ ਆਈ ਹਾਂ।
Bhagwant Mann's Mother
ਜਦੋਂ ਮੈਂ ਦਿੱਲੀ ਵਿਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਦੀ ਸੀ ਤਾਂ ਸਭ ਨੂੰ ਕਿਹਾ ਕਰਦੀ ਸੀ ਕਿ ਜੇਕਰ ਕਿਸੇ ਪਾਰਟੀ ਨੇ ਬੱਚਿਆਂ ਲਈ ਸੋਚਿਆ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ। ਤੁਸੀਂ ਦਿੱਲੀ ਦੇ ਬੱਚਿਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਕਿ ਦਿੱਲੀ ਦੇ ਅੰਦਰ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਆ ਰਹੇ ਹਨ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਅੱਜ ਦਿੱਲੀ ਵਿਚ ਹਰ ਬੱਚੇ ਨੂੰ ਪੜ੍ਹਾਈ ਕਰਨ ਅਤੇ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ।
ਹਰਸ਼ਿਤਾ ਕੇਜਰੀਵਾਲ ਨੇ ਕਿਹਾ, ਮੈਂ ਆਪਣੀ ਪੜ੍ਹਾਈ IIT ਤੋਂ ਕੀਤੀ ਹੈ ਅਤੇ ਮੇਰੇ ਕਈ ਦੋਸਤ ਵੀ ਬਾਹਰ ਗਏ ਸਨ, ਪਰ ਪਿਤਾ ਤੋਂ ਇੱਕ ਗੱਲ ਸਿੱਖੀ ਹੈ ਕਿ ਦੇਸ਼ ਵਿਚ ਰਹਿ ਕੇ ਹੀ ਦੇਸ਼ ਲਈ ਕੰਮ ਕਰਨਾ ਹੈ। ਕਈ ਲੋਕ ਕਹਿੰਦੇ ਸਨ ਕਿ ਤੁਸੀਂ ਮੁੱਖ ਮੰਤਰੀ ਦੀ ਬੇਟੀ ਹੋ, ਤੁਹਾਨੂੰ ਨੌਕਰੀ ਕਰਨ ਦੀ ਕੀ ਲੋੜ ਹੈ। ਮੇਰੇ ਪਿਤਾ ਜੀ ਲਈ ਰਾਜਨੀਤੀ ਪਰਿਵਾਰਿਕ ਧੰਦਾ ਨਹੀਂ ਸਗੋਂ ਲੋਕਾਂ ਦੀ ਸੇਵਾ ਹੈ। ਉਹ ਆਪਣੀ ਡਿਊਟੀ ਕਰ ਰਹੇ ਹਨ ਅਤੇ ਮੈਂ ਆਪਣੀ ਡਿਊਟੀ ਕਰ ਰਹੀ ਹਾਂ।
Bhagwant Mann
ਹਰਸ਼ਿਤਾ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਹਰ ਬੇਟੀ ਨੂੰ ਪੜ੍ਹਨ, ਲਿਖਣ ਅਤੇ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਹੈ ਕਿ ਜੇਕਰ ਉਹ ਸਰਕਾਰ ਵਿੱਚ ਆਉਂਦੀ ਹੈ ਤਾਂ ਉਹ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਦੇਵੇਗੀ। ਅੱਜ ਧੀ ਤੁਹਾਨੂੰ ਦੱਸਣਾ ਚਾਹੁੰਦੀ ਹੈ ਕਿ ਭਗਵੰਤ ਮਾਨ ਅਤੇ ਮੇਰੇ ਪਿਤਾ ਜੀ ਨੇ ਤੁਹਾਡੇ ਪਰਿਵਾਰ ਅਤੇ ਤੁਹਾਡੇ ਬੱਚਿਆਂ ਲਈ ਬਹੁਤ ਸੋਚਿਆ ਹੈ ਅਤੇ ਤੁਹਾਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਅੱਜ ਪੰਜਾਬ ਵਿੱਚ ਰੁਜ਼ਗਾਰ ਦੀ ਬਹੁਤ ਵੱਡੀ ਸਮੱਸਿਆ ਹੈ। ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਲੋਕਾਂ ਨੂੰ ਬਾਹਰ ਨਹੀਂ ਜਾਣਾ ਪਵੇਗਾ।