
ਕਾਂਗਰਸ ਪਾਰਟੀ ਹੀ ਸੂਬੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾ ਸਕਦੀ ਹੈ : ਚੰਨੀ
ਸ਼ਾਹਕੋਟ/ਮਲਸੀਆਂ, 10 ਫ਼ਰਵਰੀ (ਕੁਲਜੀਤ ਸਿੰਘ ਖਿੰਡਾ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਾਣਾ ਮੰਡੀ ਸ਼ਾਹਕੋਟ ਵਿਖੇ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਰੈਲੀ ਕੀਤੀ ਗਈ | ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵੀ ਹਾਜ਼ਰ ਸਨ |
ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਹਲਕੇ ਦੇ ਲੋਕਾਂ ਨੂੰ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਡੱਟਣ ਅਤੇ ਕਾਂਗਰਸ ਦੀ ਮਜ਼ਬੂਤ ਸਰਕਾਰ ਲਿਆਉਣ ਦੀ ਅਪੀਲ ਕੀਤੀ | ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ ਨਾਲ ਹੀ ਸੂਬਾ ਵਿਕਾਸ ਦੀਆਂ ਲੀਹਾਂ 'ਤੇ ਜਾ ਸਕਦਾ ਹੈ | ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਹਿੰਦਿਆਂ ਮੁੱਖ ਮੰਤਰੀ ਚੰਨੀ ਨੇ 'ਆਪ' ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ 'ਤੇ ਵੀ ਵਿਅੰਗ ਕੱਸੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੰਸਦ ਵਿਚ ਸ਼ਰਾਬ ਪੀ ਕੇ ਪਹੁੰਚ ਜਾਂਦਾ ਹੈ ਤੇ ਇਸ ਦੀ ਸ਼ਿਕਾਇਤ ਉਸ ਦੇ ਅਪਣੀ ਹੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਭਗਵੰਤ ਮਾਨ ਨੂੰ ਸੀਐਮ ਨਹੀਂ ਬਣਾਉਣਗੇ | ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਰੱਖੀਆਂ ਮੰਗਾਂ ਨੂੰ ਮੁੱਖ ਮੰਤਰੀ ਨੇ ਸਰਕਾਰ ਬਣਨ 'ਤੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿਤਾ |