
ਪ੍ਰਨੀਤ ਕੌਰ ਦਾ ਕਾਂਗਰਸ ਨੂੰ ਜਵਾਬ, ‘ਮੇਰੇ ਲਈ ਪ੍ਰਵਾਰ ਸੱਭ ਤੋਂ ਉਪਰ ਹੈ’
ਚੰਡੀਗੜ੍ਹ, 10 ਫ਼ਰਵਰੀ (ਪ.ਪ.) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਪ੍ਰਚਾਰ ਤੋਂ ਦੂਰ ਰਹਿਣ ਦਾ ਕਾਂਗਰਸ ਨੂੰ ਜਵਾਬ ਦਿਤਾ ਹੈ। ਉਨ੍ਹਾਂ ਕਿਹਾ,‘‘ ਮੈਂ ਪ੍ਰਵਾਰ ਦੇ ਨਾਲ ਹਾਂ। ਕੈਪਟਨ ਨੇ ਵਖਰੀ ਪਾਰਟੀ ਬਣਾਈ ਹੈ। ਮੇਰੇ ਲਈ ਪ੍ਰਵਾਰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਉਪਰ ਹੈ।’’
ਪਾਰਟੀ ਨੂੰ ਨੋਟਿਸ ਭੇਜਣ ਦੇ ਸਵਾਲ ’ਤੇ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਇਹ ਨੋਟਿਸ ਮੈਨੂੰ ਟਵਿੱਟਰ ’ਤੇ ਭੇਜਿਆ ਗਿਆ ਸੀ। ਮੈ ਟਵਿੱਟਰ ਅਕਾਊਂਟ ਨਹੀਂ ਦੇਖਦੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੈਨੂ ਨੋਟਿਸ ਭੇਜਣਾ ਸੀ ਤਾਂ ਇਹ ਜਨਰਲ ਸਕੱਤਰ ਰਾਹੀਂ ਭੇਜਣਾ ਸੀ। ਚਰਨਜੀਤ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਸਵਾਲ ’ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਕਾਂਗਰਸ ਹਾਈਕਮਾਂਡ ਦਾ ਫ਼ੈਸਲਾ ਹੈ। ਲੋਕ ਇਸ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਜ਼ਬੂਤ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਹਮੇਸ਼ਾ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਦੀ ਗੱਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਤੋਂ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿਤੇ ਗਏ ਸਨ। ਇਸ ਤੋਂ ਬਾਅਦ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਕਾਂਗਰਸ ਤੋਂ ਦੂਰੀ ਬਣਾ ਲਈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ ਪਰ ਪ੍ਰਨੀਤ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ।