
ਪਟਿਆਲਾ 'ਚ ਭਿਆਨਕ ਹਾਦਸਾ: ਸਕਾਰਪੀਓ ਨੇ ਸਾਈਕਲ ਸਵਾਰ ਨੂੰ ਕੁਚਲਿਆ
ਪਟਿਆਲਾ- ਪੰਜਾਬ ਦੇ ਪਟਿਆਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਪਸ ਵਿਚ ਰੇਸ ਲਗਾ ਰਹੇ ਸਕਾਰਪੀਓ ਗੱਡੀ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ਦੌਰਾਨ ਨੌਜਵਾਨ ਦਾ ਸਿਰ ਧੜ ਤੋਂ ਵੱਖ ਹੋ ਗਿਆ। ਮੁਲਜ਼ਮਾਂ ਨੇ ਕਾਰ ਦੀ ਨੰਬਰ ਪਲੇਟ ਤੋੜ ਕੇ ਕਾਰ ਛੁਪਾ ਦਿੱਤੀ। ਮ੍ਰਿਤਕ ਨੌਜਵਾਨ ਦਾ ਸਿਰ ਨਾ ਮਿਲਣ ਕਾਰਨ ਪਰਿਵਾਰਕ ਮੈਂਬਰ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਦੀ ਮੁੱਢਲੀ ਪੜਤਾਲ ਅਨੁਸਾਰ ਪਟਿਆਲਾ ਦੇ ਤਫਜਲਪੁਰਾ ਦਾ ਰਹਿਣ ਵਾਲਾ ਨਵਦੀਪ ਕੁਮਾਰ (42) ਰਾਤ ਕਰੀਬ 10.15 ਵਜੇ ਘਰ ਪਰਤ ਰਿਹਾ ਸੀ। ਉਹ ਪਾਰਟੀਆਂ ਵਿਚ ਕੌਫੀ ਦੇ ਸਟਾਲ ਲਗਾਉਂਦਾ ਸੀ। ਰਾਤ ਨੂੰ ਵੀ ਉਹ ਆਪਣੇ ਸਾਈਕਲ 'ਤੇ ਕੌਫੀ ਮਸ਼ੀਨ ਲੱਦ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਨਾਭਾ ਰੋਡ ’ਤੇ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਨੌਜਵਾਨ ਦਾ ਧੜ ਉੱਥੇ ਹੀ ਪਿਆ ਸੀ ਪਰ ਸਿਰ ਗਾਇਬ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ। ਪੁਲਿਸ ਨੂੰ ਸੜਕ 'ਤੇ ਖੂਨ ਅਤੇ ਟਾਇਰ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਹਾਦਸੇ ਵਾਲੀ ਥਾਂ ਪਹੁੰਚੀ। ਜਿੱਥੇ ਪੁਲਿਸ ਨੂੰ ਸਕਾਰਪੀਓ ਖੜੀ ਮਿਲੀ। ਉਸ ਦੀ ਨੰਬਰ ਪਲੇਟ ਟੁੱਟੀ ਹੋਈ ਸੀ। ਚੈਸੀ ਨੰਬਰ ਦੇ ਜ਼ਰੀਏ ਪੁਲਿਸ ਮਾਲਕ ਦਾ ਪਤਾ ਲਗਾ ਕੇ ਉਸ ਦੇ ਘਰ ਪਹੁੰਚ ਗਈ।
ਜਾਂਚ ਦੌਰਾਨ ਪਤਾ ਲੱਗਾ ਕਿ ਸੁਖਮਨ ਸਿੰਘ ਵਾਸੀ ਸਿੱਧੂ ਕਲੋਨੀ ਪਟਿਆਲਾ ਸਕਾਰਪੀਓ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਸੁਖਮਨ ਗੱਡੀ ਚਲਾ ਰਿਹਾ ਸੀ। ਉਸ ਦੇ ਨਾਲ 2 ਹੋਰ ਲੜਕੇ ਸਨ। ਜੋ ਬਹੁਤ ਰੌਲਾ ਪਾ ਰਹੇ ਸਨ। ਉਸ ਨੇ ਵੀ ਉੱਚੀ ਆਵਾਜ਼ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਇਸ ਮਾਮਲੇ 'ਚ ਮ੍ਰਿਤਕ ਨਵਦੀਪ ਦੇ ਭਰਾ ਸੰਜੀਵ ਨੇ ਦੱਸਿਆ ਕਿ ਦੋਸ਼ੀ ਬੋਲੈਰੋ ਅਤੇ ਸਕਾਰਪੀਓ ਵਿਚਕਾਰ ਰੇਸ ਕਰ ਰਹੇ ਸਨ। ਇਸ ਦੌਰਾਨ ਉਸ ਦੇ ਭਰਾ ਨਵਦੀਪ ਕੁਮਾਰ ਦੇ ਸਾਈਕਲ ਦੀ ਟੱਕਰ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਜਾਣਬੁੱਝ ਕੇ ਉਸ ਦੇ ਭਰਾ ਦਾ ਸਿਰ ਆਪਣੇ ਨਾਲ ਲੈ ਗਏ ਹਨ।
ਪਟਿਆਲਾ ਪੁਲਿਸ ਦੇ ਡੀਐੱਸਪੀ ਜਸਵਿੰਦਰ ਟਿਵਾਣਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਲੱਗਦਾ ਹੈ ਕਿ ਨਵਦੀਪ ਦਾ ਸਿਰ ਗੱਡੀ ਵਿੱਚ ਫਸ ਗਿਆ ਹੈ। ਜਿਸ ਨੂੰ ਨੌਜਵਾਨ ਨੇ ਬਾਅਦ ਵਿੱਚ ਕਿਤੇ ਸੁੱਟ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਪੁਲਿਸ ਨੇ ਘਟਨਾ ਦੀ ਫੁਟੇਜ ਵੀ ਹਾਸਲ ਕਰ ਲਈ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਿਰ ਦੀ ਭਾਲ ਕੀਤੀ ਜਾਵੇਗੀ। ਸੁਖਮਨ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।