
ਸੰਸਦ 'ਚ ਗੂੰਜੇ 'ਕਾਲੇ ਕਾਨੂੰਨ ਵਾਪਸ ਲਉ' ਤੇ ਪ੍ਰਧਾਨ ਮੰਤਰੀ ਜਵਾਬ ਦਿਉ' ਦੇ ਨਾਹਰੇ
ਸੰਸਦ 'ਚ ਕਿਸਾਨਾਂ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪਾਸ ਹੋਏ ਬਿਲ
ਨਵੀਂ ਦਿੱਲੀ, 10 ਮਾਰਚ : ਵਿਵਾਦਾਂ ਨਾਲ ਘਿਰੇ ਤਿੰਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ 'ਤੇ ਕਾਂਗਰਸ ਦੀ ਅਗਵਾਈ 'ਚ ਵਿਰੋਧੀ ਧਿਰ ਨੇ ਸੰਸਦ 'ਚ ਭਾਰੀ ਹੰਗਾਮਾ ਕੀਤਾ ਜਿਸ ਨਾਲ ਬੁਧਵਾਰ ਨੂੰ ਵੀ ਦੋਹਾਂ ਸਦਨਾਂ 'ਚ ਰੇੜਕਾ ਜਾਰੀ ਰਿਹਾ | ਹੰਗਾਮੇ ਕਾਰਨ ਲੋਕਸਭਾ ਅਤੇ ਰਾਜਸਭਾ ਨੂੰ ਦੋ-ਦੋ ਵਾਰ ਲਈ ਮੁਲਤਵੀ ਕਰਨ ਦੇ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ | ਹਾਲਾਂਕਿ ਹੰਗਾਮੇ ਦੌਰਾਨ ਸਰਕਾਰ ਦੋਹਾਂ ਸਦਨਾਂ 'ਚ ਇਕ-ਇਕ ਬਿੱਲ ਨੂੰ ਪਾਸ ਕਰਾਉਣ 'ਚ ਸਫ਼ਲ ਰਹੀ |
ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ''ਅਸੀਂ ਦੇਸ਼ ਦੇ ਕਿਸਾਨਾਂ ਦਾ ਹਾਲ ਜਾਹਰ ਕਰਨਾ ਚਾਹੁੰਦੇ ਹਾਂ | ਦੇਸ਼ਭਰ 'ਚ ਲੱਖਾਂ ਦੀ ਗਿਣਤੀ 'ਚ ਕਿਸਾਨ ਪ੍ਰੇਸ਼ਾਨ ਹਨ | ਇਸ 'ਤੇ ਧਿਆਨ ਦਿਤਾ ਜਾਣਾ ਚਾਹੀਦੈ |''
ਚੌਧਰੀ ਨੇ ਕਿਹਾ, ''ਦਿੱਲੀ ਦੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ, ਅਜਿਹੀ ਹਾਲਤ ਵਿਚ ਅਸੀਂ ਕਿਵੇਂ ਚੁੱਪ ਰਹੀ ਸਕਦੇ ਹਾਂ?'' ਕਾਂਗਰਸ ਸਮੇਤ ਕੁੱਝ ਹਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਕੰਮ ਮੁਲਤਵੀ ਕਰਨ ਦੇ ਨੋਟਿਸ ਦਾ ਮੁੱਦਾ ਚੁੱਕਿਆ |
ਕਾਂਗਰਸ ਮੈਂਬਰਾਂ ਦੇ ਸ਼ੋਰ ਸ਼ਰਾਬੇ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ''ਤੁਹਾਡੇ ਕੰਮ ਮੁਲਤਵੀ ਕਰਨ ਦੇ ਮਤੇ 'ਤੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ | ਫਿਰ ਵੀ ਹੰਗਾਮਾ ਕੀਤਾ ਜਾ ਰਿਹਾ ਹੈ | ਕੀ ਤੁਸੀਂ ਭਵਿੱਖ ਦੇ ਬੁਲਾਰੇ ਹੋ? ਉਨ੍ਹਾਂ ਕਿਹਾ, ''ਮੁਲਾਇਮ ਸਿੰਘ ਯਾਦਵ ਸਾਹਿਬ, ਇਨ੍ਹਾਂ ਲੋਕਾਂ ਨੂੰ ਸਮਝਾਉ | ਉਨ੍ਹਾਂ ਕਿਹਾ ਕਿ ਤੁਸੀਂ ਬਿਨਾਂ ਵਿਸ਼ੇ ਦੇ ਰੋਜ਼ ਰੁਕਾਵਟ ਪੈਦਾ ਕਰਦੇ ਹੋ | ਇਹ ਗ਼ਲਤ ਗੱਲ ਹੈ |'' ਕਾਂਗਰਸ ਅਤੇ ਤਿ੍ਣਮੁਲ ਕਾਂਗਰਸ ਦੇ ਮੈਂਬਰ ਸਪੀਕਰ ਦੇ ਨੇੜੇ ਪਹੁੰਚ ਕੇ ਨਾਹਰੇਬਾਜ਼ੀ ਕਰ ਰਹੇ ਸਨ |
ਉਨ੍ਹਾਂ ਨੇ 'ਕਾਲੇ ਕਾਨੂੰਨ ਵਾਪਸ ਲਉ' ਅਤੇ ਪ੍ਰਧਾਨ ਮੰਤਰੀ ਜਵਾਬ ਦਉ' ਨਾਹਰੇ ਲਗਾਏ |
ਬਿਰਲਾ ਨੇ ਕਿਹਾ, ''ਤੁਹਾਨੂੰ ਜਨਤਾ ਨੇ ਚਰਚਾ ਅਤੇ ਸੰਵਾਦ ਲਈ ਸਦਨ ਭੇਜਿਆ ਹੈ, ਪਰ ਤੁਸੀਂ ਰੋਜ਼ ਨਾਹਰੇਬਾਜ਼ੀ ਕਰਦੇ ਹੋ ਅਤੇ ਗ਼ਲਤ ਵਿਵਹਾਰ ਕਰਦੇ ਹੋ, ਤੁਹਾਡਾ ਤਰੀਕਾ ਗ਼ਲਤ ਹੈ, ਸਾਨੂੰ ਸੰਸਦ ਦੀ ਇੰਜ਼ਤ ਕਰਨੀ ਚਾਹੀਦੀ ਹੈ |''
ਹੰਗਾਮੇ ਦੌਰਾਨ ਸਦਨ ਨੇ ਅਣਅਧਿਕਾਰਿਤ ਕਲੋਨਆਂ ਨੂੰ ਰੈਗੁਲਰ ਕਰਨ ਨਾਲ ਸਬੰਧਿਤ 'ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਕਾਨੂੰਨ (ਵਿਸ਼ੇਸ਼ ਵਿਵਸਥਾ) ਦੂਜਾ (ਸੋਧ) ਐਕਟ-2021' ਨੂੰ ਮਨਜ਼ੂਰੀ ਦੇ ਦਿਤੀ | ਸਭਾਪਤੀ ਮਿਨਾਕਸ਼ੀ ਲੇਖੀ ਨੇ ਹੰਗਾਮੇ ਦਰਮਿਆਨ ਰੇਲ ਮੰਤਰਾਲੇ ਨਾਲ ਜੁੜੀ ਗ੍ਰਾਂਟ ਦੀ ਮੰਗਾਂ ਬਾਰੇ ਚਰਚਾ ਸ਼ੁਰੂ ਕੀਤੀ ਪਰ ਕਾਂਗਰਸ ਦੇ ਹੰਗਾਮੇ ਕਾਰਨ ਇਹ ਚਰਚਾ ਅੱਗੇ ਨਹੀਂ ਵੱਧ ਸਕੀ |
ਇਸੇ ਦੌਰਾਨ ਰਾਜ ਸਭਾ 'ਚ ਵੀ ਇਹ ਹੀ ਨਜ਼ਾਰਾ ਦੇਖਣ ਨੂੰ ਮਿਲਿਆ | ਸਦਨ 'ਚ ਸਿਫ਼ਰ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਕਿਸਾਨਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਲਈ ਨੋਟਿਸ ਦਿਤੇ ਜਾਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਂਦਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਵਿਰੁਧ ਪੰਜਾਬ, ਹਰਿਆਣਾ ਅਤੇ ਪਛਮੀ ਉਤਰ ਪ੍ਰਦੇਸ਼ 'ਚ ਕਿਸਾਨ ਅੰਦੋਲਨ ਕਰ ਰਹੇ ਹਨ |
ਖੜਗੇ ਨੇ ਕਿਹਾ ਕਿ ਵਿਰੋਧੀ ਮੈਂਬਰ ਸਦਨ ਦੀ ਕਾਰਵਾਈ ਨੂੰ ਰੋਕਣ ਲਈ ਇਥੇ ਨਹੀਂ ਆਏ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ਸਦਨ ਚੱਲੇ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਮੰਗ ਹੈ ਕਿ ਪਹਿਲਾਂ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋਵੇ |
ਸਭਾਪਤੀ ਐਮ.ਵੈਂਕਈਆ ਨਾਇਡੂ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਦੀਪੇਂਦਰ ਹੁੱਡਾ, ਪ੍ਰਤਾਪ ਸਿੰਘ ਬਾਜਵਾ ਅਤੇ ਰਾਜੀਵ ਸਾਤਵ ਰਾਜਦ ਦੇ ਮਨੋਜ ਝਾ ਅਤੇ ਦ੍ਰਮੁਕ ਦੇ ਟੀ ਸ਼ਿਵਾ ਵਲੋਂ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਉਨ੍ਹਾਂ ਨੂੰ ਨਿਯਮ 267 ਤੇ ਤਹਿਤ ਕਾਰਵਾਈ 'ਚ ਰੁਕਾਵਟ ਪਾਉਣ ਲਈ ਨੋਟਿਸ ਮਿਲੇ ਹਨ | ਇਸ ਦੇ ਇਲਾਵਾ ਬਸਪਾ ਦੇ ਅਸ਼ੋਕ ਸਿਧਰਾਥ ਵਲੋਂ ਇਕ ਨੋਟਿਸ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਚਰਚਾ ਲਈ ਮਿਲਿਆ ਹੈ | ਉਨ੍ਹਾਂ ਕਿਹਾ ਕਿ ਹਾਲੇ ਪੈਂਡੂ ਵਿਕਾਸ ਮੰਤਰਾਲੇ ਸਮੇਤ ਕਈ ਮੰਤਰਾਲਿਆਂ imageਦੇ ਕੰਮਕਾਜ 'ਤੇ ਚਰਚਾ ਹੋਣੀ ਹੈ ਅਤੇ ਉਸ ਦੌਰਾਨ ਮੈਂਬਰ ਕਿਸਾਨਾਂ ਦੇ ਮੁੱਦੇ 'ਤੇ ਅਪਣੀ ਗੱਲ ਰੱਖ ਸਕਦੇ ਹਨ | ਨਿਯਮ 267 ਤੇ ਤਹਿਤ ਸਦਨ ਦਾ ਆਮ ਕੰਮਕਾਜ ਰੋਕ ਕੇ ਕਿਸੇ ਜ਼ਰੂਰੀ ਮੁੱਦੇ 'ਤੇ ਚਰਚਾ ਕੀਤੀ ਜਾਂਦੀ ਹੈ |
ਸਭਾਪਤੀ ਨੇ ਕਿਹਾ ਕਿ ਪਟਰੌਲ ਤੇ ਡੀਜ਼ਲ ਦੀਆ ਕੀਮਤਾਂ 'ਤੇ ਚਰਚਾ ਸਬੰਧੀ ਨੋਟਿਸ ਨੂੰ ਉਹ ਪਹਿਲਾਂ ਹੀ ਖ਼ਾਰਜ਼ ਕਰ ਚੁੱਕੇ ਹਨ | ਹੋਰ ਮੈਂਬਰਾਂ ਦੇ ਨੋਟਿਸਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੇ ਪਹਿਲੇ ਪੜਾਅ 'ਚ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ਨੂੰ ਖ਼ਾਰਜ਼ ਕਰ ਦਿਤਾ ਹੈ | ਹੰਗਾਮੇ ਦੌਰਾਨ ਹੀ ਸਦਨ 'ਚ ਵਿਚੋਲਗੀ ਅਤੇ ਸੁਲਹ ਸੋਧ ਬਿੱਲ 2021 ਨੂੰ ਚਰਚਾ ਦੇ ਬਾਅਦ ਪਾਸ ਕਰ ਦਿਤਾ ਗਿਆ | ਦੋਨਾਂ ਸਦਨਾਂ ਦੀ ਬੈਠਕ ਹੁਣ ਸੋਮਵਾਰ ਨੂੰ ਹੋਵੇਗੀ | (ਪੀਟੀਆਈ)