ਲੋਕਾਂ ਨੇ ਸਾਡਾ ਸਾਥ ਦਿਤਾ ਹੈ ਅਤੇ ਹੁਣ ਸਾਡਾ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰੀਏ - ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿਨ ਆਮ ਆਦਮੀ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਭਗਵੰਤ ਮਾਨ ਦੀ ਅਗਵਾਈ ਵਿਚ ਪਹਿਲੀ ਵਿਧਾਇਕ ਦਲ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਜੇਤੂ ਵਿਧਾਇਕ ਮੌਜੂਦ ਰਹੇ। ਇਸ ਤੋਂ ਇਲਾਵਾ ਭਗਵੰਤ ਮਾਨ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਦੱਸ ਦੇਈਏ ਕਿ ਭਲਕੇ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਵਿਧਾਇਕ ਦਲ ਦੀ ਮੀਟਿੰਗ ਦੌਰਾਨ ਭਗਵੰਤ ਮਾਨ ਜੇਤੂ 91 ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ ਕਿ ਚੰਡੀਗੜ੍ਹ ਘੱਟ ਤੋਂ ਘੱਟ ਰਹਿਣਾ ਹੈ, ਉਥੇ ਜਾ ਕੇ ਰਹਿਣਾ ਹੈ ਜਿਥੋਂ ਸਾਨੂੰ ਵੋਟਾਂ ਮਿਲੀਆਂ ਹਨ। ਮਾਨ ਨੇ ਕਿਹਾ, ''ਸਰਕਾਰ ਪੰਜਾਬੀਆਂ ਨੇ ਬਣਾਈ ਹੈ ਅਤੇ ਤੁਸੀਂ ਸਾਰੇ ਪੰਜਾਬੀਆਂ ਦੇ MLA ਹੋ। ਇਸ ਲਈ ਬਿਨ੍ਹਾਂ ਭੇਦਭਾਵ ਕੀਤੇ ਜਿਨ੍ਹਾਂ ਨੇ ਵੋਟਾਂ ਨਹੀਂ ਵੀ ਪਾਈਆਂ, ਉਨ੍ਹਾਂ ਦਾ ਵੀ ਧਿਆਨ ਰੱਖਣਾ ਹੈ। ਸਰਕਾਰ ਪਿੰਡਾਂ ਅਤੇ ਮੁਹੱਲਿਆਂ ਤੋਂ ਚੱਲੇਗੀ ਇਸ ਲਈ ਚੰਡੀਗੜ੍ਹ ਵਿਚ ਘੱਟ ਤੋਂ ਘੱਟ ਰਹਿਣਾ ਹੈ। ਲੋਕਾਂ ਤੱਕ ਪਹੁੰਚ ਕਰੋ ਅਤੇ ਉਨ੍ਹਾਂ ਦੇ ਮਸਲੇ ਹੱਲ ਕਰੋ।''
ਉਨ੍ਹਾਂ ਆਪਣੇ ਵਿਧਾਇਕਾਂ ਨੂੰ ਸੰਬੋਧਨ ਕਰਦੇ ਹੋ ਕਿਹਾ ਕਿ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਚੰਡੀਗੜ੍ਹ ਆ ਕੇ ਮਿਲੋ, ਹੁਣ ਸਰਕਾਰ ਪਿੰਡਾਂ ਤੋਂ ਚੱਲੇਗੀ। ਪਿੰਡਾਂ ’ਚ ਜਾ ਕੇ ਲੋਕਾਂ ਨਾਲ ਦੁੱਖ-ਸੁੱਖ ਸਾਂਝੇ ਕਰੋ। ਭਗਵੰਤ ਮਾਨ ਨੇ ਕਿਹਾ ਕਿ ਲੋਕ ਤਹਿਸੀਲਾਂ ਅਤੇ ਕਚਹਿਰੀਆਂ ’ਚ ਜਾ ਕੇ ਅੱਕ ਚੁੱਕੇ ਹਨ। ਤੁਸੀਂ ਪਿੰਡਾਂ ’ਚ ਲੋਕਾਂ ਸਾਹਮਣੇ ਅਫ਼ਸਰਾਂ ਨੂੰ ਲੈ ਕੇ ਜਾਓ ਤੇ ਉਨ੍ਹਾਂ ਦੇ ਕੰਮ ਕਰਵਾਓ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਹੈ।
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਨੂੰ ਨਿਮਰਤਾ ਨਾਲ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਰਚੇਬਾਜ਼ੀ ਵਿਚ ਨਹੀਂ ਪੈਣਾ ਅਤੇ ਹੰਕਾਰ ਤਿਆਗ ਕੇ ਸਭ ਨੂੰ ਬਰਾਬਰ ਸਮਝਣਾ ਅਤੇ ਉਨ੍ਹਾਂ ਦਾ ਕੰਮ ਕਰਨਾ ਹੈ। ਮਾਨ ਨੇ ਕਿਹਾ, ''ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ,ਨਵਜੋਤ ਸਿੱਧੂ, ਬਿਕਰਮ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਵੱਡੇ ਦਿੱਗਜ਼ਾਂ ਨੂੰ ਹਾਰ ਮਿਲੀ ਹੈ। ਇਹ ਹਾਰ ਅਸੀਂ ਨਹੀਂ ਸਗੋਂ ਪੰਜਾਬ ਦੀ ਜਨਤਾ ਨੇ ਦਿਤੀ ਹੈ। ਲੋਕਾਂ ਨੇ ਸਾਡਾ ਸਾਥ ਦਿਤਾ ਹੈ ਅਤੇ ਹੁਣ ਸਾਡਾ ਫ਼ਰਜ਼ ਹੈ ਕਿ ਜੋ ਅਸੀਂ ਵਾਅਦੇ ਕੀਤੇ ਹਨ ਉਸ ਤੋਂ ਵੀ ਜ਼ਿਆਦਾ ਕਰ ਕੇ ਦਿਖਾਈਏ।''
ਮਾਨ ਨੇ ਕਿਹਾ ਕਿ ਪੰਜਾਬ ਨੇ ਬਦਲਾਅ ਨੂੰ ਵੋਟ ਪਾਈ ਹੈ ਅਤੇ ਸਾਡੀ ਜ਼ਿਮੇਵਾਰੀ ਹੋਰ ਵੀ ਵੱਧ ਗਈ ਹੈ। ਸਾਨੂੰ ਹਰ ਦਿਨ ਅਤੇ ਹਰ ਪਲ ਕੰਮ ਕਰਨਾ ਪਵੇਗਾ ਤਾਂ ਜੋ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰ ਸਕੀਏ। ਉਨ੍ਹਾਂ ਸਾਰੇ ਵਿਧਾਇਕਾਂ ਦਾ ਧਨਵਾਦ ਕੀਤਾ ਅਤੇ ਸਾਰਿਆਂ ਨੂੰ ਜਿੱਤ ਦੀ ਵਧਾਈ ਦਿਤੀ।