
ਭਗਵੰਤ ਮਾਨ ਸੂਬੇ ਦੇ ਚੌਥੇ ਮੁੱਖ ਮੰਤਰੀ ਵਜੋਂ ਲਗਭਗ ਇਸੇ ਹਫ਼ਤੇ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਗਡੋਰ ਸੰਭਾਲਣਗੇ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਜ਼ਿਲ੍ਹਾ ਸੰਗਰੂਰ ਨੇ ਪੰਜਾਬ ਦੀ ਰਾਜਨੀਤੀ ਵਿਚ ਬਹੁਤ ਅਹਿਮ ਰੋਲ ਨਿਭਾਇਆ ਹੈ ਅਤੇ ਇਸ ਜ਼ਿਲ੍ਹੇ ਨੇ ਪੰਜਾਬ ਨੂੰ ਹੁਣ ਤਕ ਚਾਰ ਮੁੱਖ ਮੰਤਰੀ ਦਿਤੇ ਹਨ। ਜ਼ਿਲ੍ਹਾ ਸੰਗਰੂਰ ਦੀ ਮੂਣਕ ਤਹਿਸੀਲ ਵਿਚ ਜਨਮੇ ਬਾਬੂ ਬ੍ਰਿਸ਼ ਭਾਨ ਵਿਧਾਨ ਸਭਾ ਹਲਕਾ ਸੁਨਾਮ ਤੋਂ ਚੋਣ ਲੜੇ ਅਤੇ ਜਨਵਰੀ 1955 ਤੋਂ ਲੈ ਕੇ ਨਵੰਬਰ 1956 ਤਕ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਇਸੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਵੀ ਪੰਜਾਬ ਦੇ 1985 ਤੋਂ ਲੈ ਕੇ 1987 ਤਕ ਮੁੱਖ ਮੰਤਰੀ ਰਹੇ ਹਨ।
ਉਪਰੰਤ ਬਰਨਾਲਾ ਨੇੜਲੇ ਪਿੰਡ ਭੱਠਲ ਦੀ ਵਸਨੀਕ ਤੇ ਸੂਬੇ ਦੇ ਉੱਘੇ ਆਜ਼ਾਦੀ ਘੁਲਾਟੀਏ ਬਾਬਾ ਹੀਰਾ ਸਿੰਘ ਭੱਠਲ ਦੀ ਸਪੁੱਤਰੀ ਰਜਿੰਦਰ ਕੌਰ ਭੱਠਲ ਅਪਣੇ ਸਹੁਰਾ ਸ਼ਹਿਰ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਐਮਐਲਏ ਬਣੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਸੂਬੇ ਦੀ 1997 ਤੋਂ ਲੈ ਕੇ 1998 ਤਕ ਮੁੱਖ ਮੰਤਰੀ ਬਣੀ। ਹੁਣ ਇਸੇ ਜ਼ਿਲ੍ਹੇ ਦੇ ਜੰਮਪਲ ਭਗਵੰਤ ਮਾਨ ਸੂਬੇ ਦੇ ਚੌਥੇ ਮੁੱਖ ਮੰਤਰੀ ਵਜੋਂ ਲਗਭਗ ਇਸੇ ਹਫ਼ਤੇ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਗਡੋਰ ਸੰਭਾਲਣਗੇ।