
ਬੇਅਦਬੀ ਕਾਂਡ ਦੇ ਮੁੱਦੇ ’ਤੇ ਸਿਆਸਤ ਕਰਨ ਵਾਲੇ ਲੀਡਰਾਂ ਨੂੰ ਵਾਹਿਗੁਰੂ ਨੇ ਦਿਤਾ ਸਬਕ : ਨਿਆਮੀਵਾਲਾ
ਕੋਟਕਪੂਰਾ, 11 ਮਾਰਚ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਦੇ 85ਵੇਂ ਦਿਨ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਆਏ ਨਤੀਜਿਆਂ ’ਤੇ ਪ੍ਰਤੀਕਰਮ ਕਰਦਿਆਂ ਦਾਅਵਾ ਕੀਤਾ ਕਿ ਜਿਨ੍ਹਾਂ ਸਿਆਸਤਦਾਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਮ ’ਤੇ ਖੁਦ ਸਿਆਸਤ ਕੀਤੀ ਜਾਂ ਦੋਸ਼ੀਆਂ ਨੂੰ ਬਚਾਉਣ ਲਈ ਉਨ੍ਹਾਂ ਦੀ ਸਰਪ੍ਰਸਤੀ ਕੀਤੀ, ਉਕਤਾਨ ਸਾਰੇ ਲੀਡਰਾਂ ਦਾ ਕੱਖ ਨਹੀਂ ਰਿਹਾ, ਉਹ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਕਿੱਕੀ ਢਿੱਲੋਂ, ਹਰਮਿੰਦਰ ਸਿੰਘ ਗਿੱਲ ਪੱਟੀ ਸਮੇਤ ਹੋਰ ਵੀ ਅਨੇਕਾਂ ਅਜਿਹੇ ਲੀਡਰ ਹਨ, ਜਿੰਨਾ ਦਾ ਹਸ਼ਰ ਲੋਕ ਖੁਦ ਦੇਖ ਸਕਦੇ ਹਨ। ਸੁਖਰਾਜ ਸਿੰਘ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਇਹੀ ਆਖਿਆ ਸੀ ਕਿ ਅਕਾਲੀ ਦਲ ਬਾਦਲ ਨੇ ਬੇਅਦਬੀ ਕਾਂਡ ਦੇ ਮੁੱਦੇ ’ਤੇ ਰਾਜਨੀਤੀ ਕੀਤੀ, ਸਿਆਸੀ ਰੋਟੀਆਂ ਸੇਕੀਆਂ, ਬਾਦਲ ਦਲ ਦਾ 4 ਫ਼ਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਜੋ ਹਾਲ ਹੋਇਆ, ਇਸ ਵਾਰ ਉਸ ਤੋਂ ਵੀ ਨਿਰਾਸ਼ਾਜਨਕ ਹਾਰ ਨੇ ਅਸਲੀਅਤ ਸਾਹਮਣੇ ਲੈ ਆਂਦੀ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਹੀ ਨਹੀਂ ਸੀ ਕੀਤਾ ਬਲਕਿ ਸਹੁੰ ਵੀ ਚੁੱਕੀ ਸੀ ਪਰ ਹੁਣ ਕੈਪਟਨ ਦਾ ਹਾਲ ਵੀ ਬਾਦਲਾਂ ਦੀ ਤਰਾਂ ਬਹੁਤ ਮਾੜਾ ਹੋਇਆ ਹੈ।
ਸੁਖਰਾਜ ਸਿੰਘ ਨੇ ਦੁਹਰਾਇਆ ਕਿ ਜਿਥੇ ਪੰਜਾਬ ਵਿਚ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਆਸਾਂ-ਉਮੀਦਾਂ ਹਨ, ਉਥੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਭਵਿੱਖ ਵਿਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਲਈ ਨਵੀਂ ਸਰਕਾਰ ਨੂੰ ਸੁਹਿਰਦ ਅਤੇ ਗੰਭੀਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਮੇਤ ਕਰੀਬ ਸਾਰੇ ਆਗੂ ਬੇਅਦਬੀ ਅਤੇ ਗੋਲੀਕਾਂਡ ਵਾਲੇ ਕੇਸਾਂ ਤੋਂ ਚੰਗੀ ਤਰਾਂ ਵਾਕਫ ਹਨ, ਜਿਥੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੋਰ ਮੁੱਦਿਆਂ ’ਤੇ ਕੰਮ ਕਰਨ ਦੀ ਲੋੜ ਹੈ, ਉਥੇ ਸਭ ਤੋਂ ਪਹਿਲਾਂ ਬੇਅਦਬੀ ਅਤੇ ਗੋਲੀਕਾਂਡ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ, ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲਾਂ ਵਿਚ ਬੰਦ ਕੈਦੀਆਂ ਦੀ ਰਿਹਾਈ ਸਮੇਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੇ ਮਸਲੇ ਪਹਿਲ ਦੇ ਆਧਾਰ ’ਤੇ ਨਿਬੇੜਨੇ ਚਾਹੀਦੇ ਹਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-11-3ਸੀ