
ਕੇਜਰੀਵਾਲ ਦੀ ਮੋਦੀ ਨੂੰ ਅਪੀਲ, ਦਿੱਲੀ ’ਚ ਹੋਣ ਦਿਉ ਨਗਰ ਨਿਗਮ ਚੋਣਾਂ
ਕਿਹਾ, ਭਾਜਪਾ ਜਾਣਦੀ ਹੈ ਕਿ ਦਿੱਲੀ ’ਚ ‘ਆਪ’ ਦੀ
ਨਵੀਂ ਦਿੱਲੀ, 11 ਮਾਰਚ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਰਾਜਧਾਨੀ ’ਚ ਨਗਰ ਨਿਗਮ ਚੋਣਾਂ ਹੋਣ ਦੇਣ। ਉਨ੍ਹਾਂ ਕਿਹਾ ਕਿ ਚੋਣਾਂ ਟਾਲਣ ਨਾਲ ਲੋਕਤੰਤਰੀ ਪ੍ਰਣਾਲੀ ਕਮਜ਼ੋਰ ਹੁੰਦੀ ਹੈ। ਦਿੱਲੀ ਰਾਜ ਚੋਣ ਕਮਿਸ਼ਨ ਨੇ ਬੁਧਵਾਰ ਨੂੰ ਨਗਰ ਨਿਗਮਾਂ ਦੇ ਰਲੇਵੇਂ ਬਾਰੇ ਕੇਂਦਰ ਤੋਂ ਸੂਚਨਾ ਮਿਲਣ ਤੋਂ ਬਾਅਦ ਦਖਣੀ ਦਿੱਲੀ ਨਗਰ ਨਿਗਮ, ਉਤਰੀ ਦਿੱਲੀ ਨਗਰ ਨਿਗਮ ਅਤੇ ਪੂਰਬੀ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਟਾਲ ਦਿਤਾ ਸੀ। ਉਸ ਨੇ ਕਿਹਾ ਸੀ ਕਿ ਉਹ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਲਈ ਬਿਲ ਲਿਆਉਣ ਦੀ ਕੇਂਦਰ ਦੀ ਯੋਜਨਾ ਤੋਂ ਬਾਅਦ ਚੋਣਾਂ ਕਰਵਾਉਣ ਦੇ ਮੁੱਦੇ ’ਤੇ ਕਾਨੂੰਨੀ ਸਲਾਹ ਲਵੇਗਾ।
ਕੇਜਰੀਵਾਲ ਨੇ ਪੁਛਿਆ,‘‘ਜਨਤਾ ਇਸ ਕਦਮ ’ਤੇ ਸਵਾਲ ਉਠਾ ਰਹੀ ਹੈ। ਕੇਂਦਰ ਪਿਛਲੇ 7-8 ਸਾਲਾਂ ਤੋਂ ਸੱਤਾ ਵਿਚ ਹੈ, ਉਨ੍ਹਾਂ ਨੇ ਪਹਿਲਾਂ ਇਨ੍ਹਾਂ ਨੂੰ ਇਕੱਠਾ ਕਿਉਂ ਨਹੀਂ ਕੀਤਾ?’’ ਮੁੱਖ ਮੰਤਰੀ ਨੇ ਇਕ ਪੱਤਰਕਾਰ ਵਾਰਤਾ ’ਚ ਕਿਹਾ,‘‘ਤੈਅ ਪੱਤਰਕਾਰ ਵਾਰਤਾ (ਬੁਧਵਾਰ ਨੂੰ) ਤੋਂ ਇਕ ਘੰਟੇ ਪਹਿਲਾਂ ਹੀ ਉਨ੍ਹਾਂ ਨੂੰ ਇਹ ਕਿਉਂ ਯਾਦ ਆਇਆ ਕਿ ਉਨ੍ਹਾਂ ਨੇ ਤਿੰਨ ਨਗਰ ਨਿਗਮਾਂ ਦਾ ਰਲੇਵਾਂ ਕਰਨਾ ਹੈ? ਭਾਰਤੀ ਜਨਤਾ ਪਾਰਟੀ (ਭਾਜਪਾ) ਜਾਣਦੀ ਹੈ ਕਿ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਦੀ ਲਹਿਰ ਹੈ ਅਤੇ ਉਹ ਚੋਣਾਂ ਹਾਰ ਜਾਵੇਗੀ।’’
ਚੋਣਾਂ ਅਤੇ ਤਿੰਨ ਨਗਰ ਨਿਗਮਾਂ ਦੇ ਰਲੇਵੇਂ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ,‘‘ਚੋਣਾਂ ਦਾ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਨਾਲ ਕੀ ਲੈਣਾ-ਦੇਣਾ? ਚੋਣਾਂ ਤੋਂ ਬਾਅਦ ਚੁਣੇ ਗਏ ਨਵੇਂ ਕੌਂਸਲਰ ਤਿੰਨ ਨਗਰ ਨਿਗਮ ਹੋਣ ’ਤੇ ਅਪਣੇ-ਅਪਣੇ ਦਫ਼ਤਰ ’ਚ ਬੈਠਣਗੇ। ਜੇਕਰ ਉਹ ਇਕੱਠੇ ਹੋ ਜਾਂਦੇ ਹਨ, ਤਾਂ ਉਹ ਇਕੱਠੇ ਬੈਠਣਗੇ।’’ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੋਣਾਂ ਯਕੀਨੀ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,‘‘ਮੈਂ ਹੱਥ ਜੋੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣਾਂ ਯਕੀਨੀ ਕਰਵਾਉਣ ਦੀ ਅਪੀਲ ਕਰਦਾ ਹਾਂ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ। ਦੇਸ਼ ਸਰਬਉੱਚ ਹੈ, ਸਿਆਸੀ ਪਾਰਟੀ ਨਹੀਂ। ਜੇਕਰ ਅਸੀਂ ਚੋਣ ਕਮਿਸ਼ਨ ’ਤੇ ਦਬਾਅ ਪਾਇਆ ਤਾਂ ਸੰਸਥਾਵਾਂ ਕਮਜ਼ੋਰ ਹੋ ਜਾਣਗੀਆਂ। ਸਾਨੂੰ ਸੰਸਥਾਵਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਲੋਕਤੰਤਰ ਅਤੇ ਦੇਸ਼ ਕਮਜ਼ੋਰ ਹੁੰਦਾ ਹੈ।’’
ਸ਼ਹਿਰ ਦੀਆਂ ਤਿੰਨ ਨਿਗਮਾਂ ’ਤੇ ਇਸ ਸਮੇਂ ਭਾਜਪਾ ਦਾ ਰਾਜ ਹੈ, ਜੋ 2012 ਵਿਚ ਉਸ ਸਮੇਂ ਏਕੀਕਿ੍ਰਤ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਦੀ ਵੰਡ ਤੋਂ ਬਾਅਦ ਨਗਰ ਨਿਗਮਾਂ ਨੂੰ ਕੰਟਰੋਲ ਕਰ ਰਹੀ ਹੈ। ਚੋਣ ਕਮਿਸ਼ਨ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦਾ ਰਲੇਵਾਂ ਕਰਨ ਲਈ ਸੰਸਦ ਦੇ ਬਜਟ ਸੈਸ਼ਨ ਵਿਚ ਇਕ ਬਿਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਚੋਣ ਕਮਿਸ਼ਨ ਨੇ ਉਪ ਰਾਜਪਾਲ ਅਨਿਲ ਬੈਜਲ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਹੈ। ਇਸ ਲਈ ਉਸ ਨੇ ਮਿਤੀਆਂ ਦਾ ਐਲਾਨ ਟਾਲਣ ਦਾ ਫ਼ੈਸਲਾ ਕੀਤਾ ਹੈ। (ਪੀਟੀਆਈ)