ਪੁਲਿਸ ਨੇ ਵੀ ਦੋਨੋਂ ਧਿਰਾਂ ਦੇ ਬਿਆਨ ਸੁਣ ਕੇ ਮਾਮਲਾ ਦਰਜ ਕਰ ਲਿਆ ਹੈ
ਅੰਮ੍ਰਿਤਸਰ : ਬੀਆਰਟੀਐੱਸ ਬੱਸ ਸੇਵਾ ਦੇ ਡਰਾਈਵਰ ਨਾਲ ਜੀਐੱਮ ਵੱਲੋਂ ਦੁਰਵਿਹਾਰ ਕਰਨ ਉੱਤੇ ਚਾਲਕਾਂ ਨੇ ਮੈਟਰੋ ਬੱਸ ਸੇਵਾ ਠੱਪ ਕਰ ਦਿੱਤੀ ਹੈ। ਇਕ ਮੁਲਾਜ਼ਮ ਵੱਲੋਂ ਅਪਣੇ ਹੀ ਜੀਐੱਮ ਉੱਪਰ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਗਏ ਹਨ ਤੇ ਕਿਹਾ ਹੈ ਕਿ ਜੀਐੱਮ ਨੇ ਦਸਤਾਰ ਉਤਾਰ ਕੇ ਉਸ ਦੀ ਦਾੜੀ ਵੀ ਪੁੱਟੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਙ ਮੈਟਰੋ ਬੱਸ ਸਰਵਿਸ ਚਲਾਉਂਦੇ ਹਨ ਤੇ ਇਹ ਕੰਪਨੀ ਇਕ ਪ੍ਰੀਵੇਟ ਕੰਪਨੀ ਹੈ ਤੇ ਜਦੋਂ ਉਹ ਜੀਐੱਮ ਕੋਲ ਅਪਣੀ ਤਨਖ਼ਾਹ ਦੀ ਗੱਲ ਕਰਨ ਗਏ ਤਾਂ ਜੀਐੱਮ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਦੋ ਗੁੱਟਾਂ ਦੀ ਲੜਾਈ ਵੀ ਹੋਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਪਰ ਕੁੱਝ ਸਾਫ਼ ਨਹੀਂ ਹੋ ਪਾਇਆ।
ਪੁਲਿਸ ਨੇ ਵੀ ਦੋਨੋਂ ਧਿਰਾਂ ਦੇ ਬਿਆਨ ਸੁਣ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਰਾਈਵਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਡੀਜ਼ਲ ਦੀ ਐਵਰੇਜ਼ ਘੱਟ ਆਉਣ ਉੱਤੇ ਕਰੀਬ ਪੰਜਾਹ ਡਰਾਈਵਰਾਂ ਦੀ ਤਨਖ਼ਾਹ ਵਿਚੋਂ ਪੈਸੇ ਕੱਟ ਲਏ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸ਼ੁੱਕਰਵਾਰ ਸਵੇਰੇ ਡਰਾਈਵਰ ਸੁਖਦੇਵ ਸਿੰਘ ਇਸ ਬਾਰੇ ਜੀਐਮ ਭੁਪਿੰਦਰ ਸਿੰਘ ਮਾਨ ਨਾਲ ਗੱਲ ਕਰਨ ਗਏ ਤਾਂ ਉਨ੍ਹਾਂ ਨੇ ਸੁਖਦੇਵ ਸਿੰਘ ਨਾਲ ਦੁਰਵਿਹਾਰ ਕੀਤਾ ਤੇ ਦਾੜੇ ਦੇ ਕੇਸ ਵੀ ਪੁੱਟੇ। ਇਸ ਉੱਤੇ ਡਰਾਈਵਰਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਦੁਰਵਿਹਾਰ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਡਰਾਈਵਰਾਂ ਦੀ ਕੱਟੀ ਸੈਲਰੀ ਮੁੜ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਪਾ ਦਿੱਤੀ ਜਾਂਦੀ ਤੇ ਜੀਐੱਮ ਉੱਤੇ ਇਸ ਦੇ ਦੁਰਵਿਹਾਰ ਸਬੰਧੀ ਕੋਈ ਕਾਰਵਾਈ ਨਹੀਂ ਹੁੰਦੀ, ਬੱਸਾਂ ਦਾ ਚੱਕਾ ਜਾਮ ਰਹੇਗਾ। ਮੈਟਰੋ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।