
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਨਾ ਜਿੱਤਣ ਦੇਣ ਦਾ ਪ੍ਰਣ ਕੀਤਾ ਸੀ ਪਰ ਕੈਪਟਨ ਅਤੇ ਸਿੱਧੂ ਦੋਨੋ ਹੀ ਚੋਣ ਹਾਰ ਗਏ
ਕੋਟਕਪੂਰਾ (ਗੁਰਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਕ ਨਵਾਂ ਇਤਿਹਾਸ ਸਿਰਜ ਦਿਤਾ ਹੈ। ਕਿਉਂਕਿ ਸਿਆਸੀ ਖੇਤਰ ਦੇ ਬਾਬਾ ਬੋਹੜ ਅਰਥਾਤ ਸਮਰੱਥ ਮੰਨੇ ਜਾਂਦੇ ਮਹਾਂਰਥੀਆਂ ਨੂੰ ਵੀ ਆਪੋ ਅਪਣੀਆਂ ਸੀਟਾਂ ਬਚਾਉਣੀਆਂ ਔਖੀਆਂ ਹੋ ਗਈਆਂ। ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇ.ਪੀ. ਨੱਢਾ, ਮੀਨਾਕਸ਼ੀ ਲੇਖੀ, ਗਜਿੰਦਰ ਸਿੰਘ ਸ਼ੇਖਾਵਤ, ਹੰਸਰਾਜ ਹੰਸ ਸਮੇਤ 10 ਕੇਂਦਰੀ ਮੰਤਰੀਆਂ ਦੇ ਅੱਡੀ ਚੋਟੀ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਭਾਜਪਾ, ਕੈਪਟਨ, ਢੀਂਡਸਾ ਗਠਜੋੜ ਦੇ ਉਮੀਦਵਾਰਾਂ ਨੂੰ ਬਹੁਤੀ ਸਫ਼ਲਤਾ ਨਹੀਂ ਮਿਲੀ ਤੇ ਉਕਤ ਗਠਜੋੜ ਦੇ ਜ਼ਿਆਦਾਤਰ ਉਮੀਦਵਾਰ ਅਪਣੀਆਂ ਜ਼ਮਾਨਤਾਂ ਤਕ ਵੀ ਨਾ ਬਚਾ ਸਕੇ
JP Nadda
ਉਸੇ ਤਰ੍ਹਾਂ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਦੇ ਤੂਫ਼ਾਨੀ ਦੌਰੇ ਵੀ ਕਾਂਗਰਸ ਦੀ ਡੁਬਦੀ ਬੇੜੀ ਬਚਾਉਣ ’ਚ ਕਾਮਯਾਬ ਨਾ ਹੋ ਸਕੇ। ਡੇਰੇਦਾਰਾਂ ਪ੍ਰਤੀ ਸ਼ਰਧਾਲੂਆਂ ਦੇ ਮਨਾਂ ’ਚ ਬਣੀ ਸ਼ਰਧਾ ਵੀ ਫਿੱਕੀ ਪੈ ਗਈ, ਕਿਉਂਕਿ ਡੇਰੇਦਾਰਾਂ ਦਾ ਵਕਾਰ ਵੀ ਦਾਅ ’ਤੇ ਲੱਗਾ ਹੋਇਆ ਸੀ। ਉਕਤ ਚੋਣਾ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਅਤੇ ਵਿਲੱਖਣ ਪਲ ਜੇਕਰ ਅੰਕਿਤ ਕਰਨੇ ਹੋਣ ਤਾਂ ਬਹੁਤ ਸਾਰੀਆਂ ਉਹ ਗੱਲਾਂ ਸਾਹਮਣੇ ਆਈਆਂ ਜੋ ਯਾਦਗਾਰੀ ਬਣ ਗਈਆਂ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਨਾ ਜਿੱਤਣ ਦੇਣ ਦਾ ਪ੍ਰਣ ਕੀਤਾ ਸੀ ਪਰ ਕੈਪਟਨ ਅਤੇ ਸਿੱਧੂ ਦੋਨੋ ਹੀ ਚੋਣ ਹਾਰ ਗਏ, ਕਾਂਗਰਸ ਦੀ ਟਿਕਟ ’ਤੇ ਮੈਂਬਰ ਪਾਰਲੀਮੈਂਟ ਬਣੀ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਦੀ ਬਜਾਇ ਕੈਪਟਨ ਦੀ ਜਿੱਤ ਯਕੀਨੀ ਬਣਾਉਣ ਲਈ ਬਹੁਤ ਮਿਹਨਤ ਕੀਤੀ, ਕੈਪਟਨ ਦੇ ਸਮਰਥਨ ਵਿਚ ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਸੀਨੀਅਰ ਭਾਜਪਾ ਆਗੂ ਵੀ ਆਏ ਪਰ ਜਿੱਤ ਨਾ ਮਿਲੀ। ਸੰਯੁਕਤ ਸਮਾਜ ਮੋਰਚਾ ਦੇ ਕਿਸੇ ਵੀ ਉਮੀਦਵਾਰ ਨੂੰ ਸਫ਼ਲਤਾ ਨਾ ਮਿਲਣ ਅਤੇ ਕੁਝ ਕੁ ਨੂੰ ਛੱਡ ਕੇ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣ ਕਾਰਨ ਬਲਵੀਰ ਸਿੰਘ ਰਾਜੇਵਾਲ ਦਾ ਭਵਿੱਖ ਦਾਅ ’ਤੇ ਲੱਗ ਗਿਆ। ਗੁਰਨਾਮ ਸਿੰਘ ਚੜੂਨੀ ਦੀ ਸੰਯੁਕਤ ਸਮਾਜ ਪਾਰਟੀ ਦੇ ਉਮੀਦਵਾਰ ਵੀ ਅਪਣੀਆਂ ਜ਼ਮਾਨਤਾਂ ਨਾ ਬਚਾਅ ਸਕੇ।
Deep Sidhu
ਚੋਣਾਂ ਤੋਂ ਪੰਜ ਦਿਨ ਪਹਿਲਾਂ ਅਰਥਾਤ 15 ਫ਼ਰਵਰੀ ਨੂੰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਬਣੇ ਮਾਹੌਲ ਦੇ ਬਾਵਜੂਦ ਵੀ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਨਾ ਮਿਲੀ ਅਤੇ ਲੁਧਿਆਣਾ ਤੋਂ ਦੋਨੋਂ ਬੈਂਸ ਭਰਾ ਵੀ ਹਾਰ ਗਏ। ਚੋਣਾਂ ਦੌਰਾਨ ਹਰ ਵਾਰ ਦੀ ਤਰਾਂ ਇਸ ਵਾਰ ਵੀ ਪੰਜਾਬ ਵਿਧਾਨ ਸਭਾ ਚੋਣਾ ਵਿਚ ਮਾਲਵੇ ਦੀ ਸਰਦਾਰੀ ਦਿਖਾਈ ਦਿਤੀ ਤੇ ਇਸ ਵਾਰ ਵੀ ਮੁੱਖ ਮੰਤਰੀ ਮਾਲਵੇ ਤੋਂ ਅਰਥਾਤ ਭਗਵੰਤ ਮਾਨ ਬਣੇਗਾ। ਕਦੇ ਵੀ ਚੋਣ ਨਾ ਹਾਰਨ ਵਾਲੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਅਸਲੋਂ ਹੀ ਨਵੇਂ ਚਿਹਰੇ ਤੇ ਸਿਆਸੀ ਖੇਤਰ ਦਾ ਤਜ਼ਰਬਾ ਨਾ ਰੱਖਣ ਵਾਲੀ ਉਮੀਦਵਾਰ ਡਾ. ਜੀਵਨਜੋਤ ਕੌਰ ਤੋਂ ਹਾਰ ਗਏ। ਰਜਿੰਦਰ ਕੌਰ ਭੱਠਲ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਦਿਤੇ ਬਿਆਨ ਨੂੰ ‘ਆਪ’ ਵਲੋਂ ਖ਼ਾਰਜ ਕਰਨ ਅਤੇ ਕਾਂਗਰਸ ਨੇ ਭੱਠਲ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ।
Parkash Badal With Sukhbir Badal
ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬਿਕਰਮ ਸਿੰਘ ਮਜੀਠੀਆ ਅਰਥਾਤ ਬਾਦਲ ਪ੍ਰਵਾਰ ਦੇ ਚਾਰ ਉਮੀਦਵਾਰ ਚੋਣ ਹਾਰ ਗਏ, ਜਦਕਿ ਬਿਕਰਮ ਮਜੀਠੀਆ ਦੀ ਪਤਨੀ ਮਜੀਠਾ ਹਲਕੇ ਤੋਂ ਜੇਤੂ ਰਹੀ, ਰਾਣਾ ਗੁਰਜੀਤ ਸਿੰਘ ਦਾ ਕਾਂਗਰਸ ਉਮੀਦਵਾਰ ਦੇ ਮੁਕਾਬਲੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਲੜਨ ਵਾਲਾ ਰਾਣਾ ਇੰਦਰ ਸਿੰਘ ਭਾਰੀ ਵੋਟਾਂ ਦੇ ਫਰਕ ਨਾਲ ਜੇਤੂ ਰਿਹਾ, ਚਰਨਜੀਤ ਸਿੰਘ ਚੰਨੀ ਖੁਦ ਦੋਨੋਂ ਸੀਟਾਂ ਤੋਂ ਹਾਰ ਗਏ, ਜਦਕਿ ਉਹਨਾਂ ਦਾ ਭਰਾ ਮਨੋਹਰ ਸਿੰਘ ਵੀ ਹਲਕਾ ਬੱਸੀ ਪਠਾਣਾ ਤੋਂ ਬਾਗੀ ਕਾਂਗਰਸੀ ਵਜੋਂ ਚੋਣ ਹਾਰ ਗਿਆ।
gurmeet ram rahim
ਰਾਖਵੇਂ ਹਲਕੇ ਬੱਲੂਆਣਾ ਤੋਂ ਸੁਖਬੀਰ ਸਿੰਘ ਬਾਦਲ ਨੇ ਡੇਰਾ ਪੇ੍ਰਮੀ ਨੂੰ ਟਿਕਟ ਦਿਤੀ, ਰੋਲਾ ਪੈਣ ’ਤੇ ਟਿਕਟ ਬਦਲ ਕੇ ਪਿ੍ਰਥੀ ਰਾਮ ਮੇਘ ਨੂੰ ਮੈਦਾਨ ਵਿਚ ਉਤਾਰਿਆ ਪਰ ਉਹ ਵੀ ਚੌਥੇ ਨੰਬਰ ’ਤੇ ਰਿਹਾ। ਇਸ ਵਾਰ ਪੰਜਾਬ ਵਿਚ ਭਾਜਪਾ ਹਿੰਦੂ ਪਾਰਟੀ ਨਹੀਂ ਰਹੀ ਬਲਕਿ ਉਸ ਨੇ ਸਿੱਖਾਂ ਨੂੰ ਖੁਲ੍ਹੇ ਦਿਲ ਨਾਲ ਟਿਕਟਾਂ ਦਿਤੀਆਂ ਤੇ ਅਨੇਕਾਂ ਸਿੱਖ ਚਿਹਰੇ ਸੀਨੀਅਰ ਭਾਜਪਾ ਆਗੂਆਂ ਅਤੇ ਵਰਕਰਾਂ ’ਤੇ ਹਾਵੀ ਰਹੇ। ਕਾਂਗਰਸ ਦਾ ਦਲਿਤ ਅਤੇ ਭਾਜਪਾ ਦਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਾਰੇ ਛੇੜਿਆ ਵਿਵਾਦ ਵਾਲਾ ਦਾਅ ਵੀ ਫਲਾਪ ਰਿਹਾ। ਚਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ ਜਦਕਿ ਚੋਣ ਮੈਦਾਨ ’ਚ ਵੱਖ ਵੱਖ 8 ਪਾਰਟੀਆਂ ਦੇ ਪ੍ਰਧਾਨਾ ਵਿਚੋਂ ਸਿਰਫ ਭਗਵੰਤ ਮਾਨ ਅਤੇ ਅਸ਼ਵਨੀ ਸ਼ਰਮਾ ਨੇ ਹੀ ਜਿੱਤ ਪ੍ਰਾਪਤ ਕੀਤੀ।
Harnam Singh Dhumma
ਗ਼ੈਰ ਪੰਥਕ ਸਮੇਤ ਅਕਾਲੀ-ਬਸਪਾ ਗਠਜੋੜ ਦੀਆਂ ਚੋਣ ਰੈਲੀਆਂ ਵਿਚ ਵੀ ਸਿਆਸੀ ਤਕਰੀਰਾਂ ਦੌਰਾਨ ਪੰਥਕ ਸ਼ਬਦ ਲਗਭਗ ਅਲੋਪ ਰਿਹਾ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਲੋਂ ਅਖ਼ਬਾਰਾਂ ਵਿਚ ਇਸ਼ਤਿਹਾਰ ਲਾ ਕੇ ਅਤੇ ਬਿਆਨਾਂ ਰਾਹੀਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰਾਂ ਦੇ ਸਮਰਥਨ ਦੇ ਕੀਤੇ ਐਲਾਨ ਦੇ ਬਾਵਜੂਦ ਵੀ ਅਕਾਲੀ-ਬਸਪਾ ਗਠਜੋੜ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। ਇਸ ਵਾਰ ਆਮ ਆਦਮੀ ਪਾਰਟੀ ਨੇ ਪੂਰੀ ਗੰਭੀਰਤਾ ਨਾਲ ਅਤੇ ਸੰਭਲ-ਸੰਭਲ ਕੇ ਹਰ ਕਦਮ ਰਖਿਆ, ਚੋਣ ਮੁਹਿੰਮ ਦੌਰਾਨ ਵੀ ਕਾਂਗਰਸੀਆਂ ਦਾ ਆਪਸੀ ਕਲੇਸ਼ ਜਾਰੀ ਰਿਹਾ
Shamsher Singh Dullo
ਚੋਣ ਮੁਹਿੰਮ ’ਚੋਂ ਮੁੱਖ ਮੁੱਦੇ ਲਗਭਗ ਗ਼ਾਇਬ ਰਹੇ, ਸ਼ਮਸ਼ੇਰ ਸਿੰਘ ਦੂਲੋ ਵੱਲੋਂ ਚੋਣਾ ਦੌਰਾਨ ਹੀ ਸ਼ਰਾਬ-ਪ੍ਰਾਪਰਟੀ ਅਤੇ ਰੇਤ ਮਾਫੀਏ ਨਾਲ ਸਬੰਧਤ ਆਗੂਆਂ ਨੂੰ ਟਿਕਟਾਂ ਦੇਣ ਦੇ ਦੋਸ਼ ਲਾਏ ਗਏ। ਨਵੀਂ ਬਣੀ ਸਰਕਾਰ ਲਈ ਨਸ਼ਾ ਤਸਕਰੀ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਬੇਰੁਜਗਾਰੀ, ਮਹਿੰਗਾਈ, ਸਿਹਤ, ਸਿੱਖਿਆ, ਖੇਤੀ, ਵਾਤਾਵਰਣ, ਭਾਈਚਾਰਕ ਸਾਂਝ, ਪ੍ਰਵਾਸ, ਸੁਰੱਖਿਆ, ਬਿਜਲੀ ਸਮਝੌਤੇ, ਦਰਿਆਵਾਂ ਤੇ ਨਹਿਰਾਂ ਦੀ ਚਿੰਤਾਜਨਕ ਹਾਲਤ ਵਾਲੀਆਂ ਅਨੇਕਾਂ ਚੁਣੌਤੀਆਂ ਹਨ, ਜਿੰਨਾ ਦੇ ਤੁਰਤ ਹੱਲ ਲਈ ਪੰਜਾਬ ਵਾਸੀ ਆਮ ਆਦਮੀ ਪਾਰਟੀ ਤੋਂ ਪੂਰੀ ਤਰਾਂ ਆਸਵੰਦ ਹਨ।