
ਵਜ਼ਾਰਤੀ ਵਾਧੇ ਦੌਰਾਨ ਨਵਾਂ ਖੇਡ ਮੰਤਰੀ ਬਣਾਉਣ ਦਾ ਸੰਕੇਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਗਠਜੋੜ ਬਾਰੇ ਫ਼ੈਸਲਾ ਕਾਂਗਰਸ ਹਾਈ ਕਮਾਂਡ ਵਲੋਂ ਢੁਕਵੇਂ ਸਮੇਂ 'ਤੇ ਕੀਤਾ ਜਾਵੇਗਾ। ਯੂ.ਪੀ. ਵਿਚ ਸਮਾਜਵਾਦੀ ਪਾਰਟੀ ਵਲੋਂ ਬਸਪਾ ਅਤੇ ਕਾਂਗਰਸ ਨਾਲ ਕੀਤੇ ਗਠਜੋੜ ਦੀ ਤਰਜ਼ 'ਤੇ ਪੰਜਾਬ ਵਿਚ ਚੋਣ ਗਠਜੋੜ ਦੀ ਸੰਭਾਵਨਾ ਬਾਰੇ ਪੱਤਰਕਾਰਾਂ ਦੇ ਸਵਾਲ ਦਾ ਉਨ੍ਹਾਂ ਇਹ ਜਵਾਬ ਦਿਤਾ। ਪਟਿਆਲਾ ਵਿਚ ਉੱਦਮ ਤੇ ਕਾਢ ਕਨਵੈਨਸ਼ਨ ਤੋਂ ਹਟ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕਰੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸੰਕੇਤ ਦਿਤਾ ਕਿ ਵਜ਼ਾਰਤ ਵਿਚ ਵਾਧਾ ਛੇਤੀ ਹੋਣ ਦੀ ਉਮੀਦ ਹੈ ਤੇ ਇਸ ਵਿਚ ਨਵਾਂ ਖੇਡ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਨਵੀਂ ਖੇਡ ਨੀਤੀ ਤਿਆਰ ਕੀਤੀ ਜਾਵੇਗੀ।
Captain Amarider Singh
ਕੈਪਟਨ ਅਮਰਿੰਦਰ ਸਿੰਘ ਨੇ ਗੋਲਡ ਕੋਸਟ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤਣ ਲਈ ਨਿਸ਼ਾਨੇਬਾਜ਼ ਹਿਨਾ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਹਰ ਪੰਜਾਬੀ ਦਾ ਮਾਣ ਵਧਾਇਆ ਹੈ। ਉਨ੍ਹਾਂ ਇਸ ਖਿਡਾਰਨ ਦੇ ਖੇਡ ਕਰੀਅਰ ਲਈ ਸਰਕਾਰ ਵਲੋਂ ਹਰ ਸੰਭਵ ਸਮਰਥਨ ਦਾ ਭਰੋਸਾ ਦਿਤਾ। ਪਟਿਆਲਾ ਵਿਚ ਰਾਤ ਨੂੰ ਗ਼ੈਰ-ਕਾਨੂੰਨੀ ਖਣਨ ਹੋਣ ਬਾਰੇ ਰੀਪੋਰਟਾਂ ਬਾਰੇ ਪੁੱਛਣ 'ਤੇ ਮੁੱਖ ਮੰਤਰੀ ਨੇ ਮੁਕੰਮਲ ਜਾਂਚ ਅਤੇ ਕਾਰਵਾਈ ਦਾ ਵਾਅਦਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੂਬੇ ਵਿਚ ਗ਼ੈਰ-ਕਾਨੂੰਨੀ ਖਣਨ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੁਲੀਸ ਅਤੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਨੂੰ ਸੂਬੇ ਵਿਚ ਕਿਤੇ ਵੀ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਵਿਰੁਧ ਸਖ਼ਤ ਕਾਰਵਾਈ ਲਈ ਪਹਿਲਾਂ ਹੀ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾ ਚੁਕੇ ਹਨ। ਨਸ਼ਿਆਂ ਦੇ ਕੇਸ ਵਿਚ ਐਸ.ਟੀ.ਐਫ ਵਲੋਂ ਸੌਂਪੀ ਰੀਪੋਰਟ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੈ ਜਿਸ ਕਾਰਨ ਉਹ ਟਿਪਣੀ ਨਹੀਂ ਕਰ ਸਕਦੇ।