
ਕੁਲ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਹੋਈ 162 2 ਦੀ ਹਾਲਤ ਗੰਭੀਰ, ਜ਼ਿਲ੍ਹਾ ਮੋਹਾਲੀ 'ਚ ਸੱਭ ਤੋਂ ਵੱਧ 51 ਪਾਜ਼ੇਟਿਵ ਕੇਸ
ਚੰਡੀਗੜ੍ਹ, 11 ਅਪ੍ਰੈਲ (ਗੁਰਉਪਦੇਸ਼ ਸਿੰਘ ਭੁੱਲਰ) : ਪੰਜਾਬ 'ਚ ਅੱਜ ਵੀ ਕੋਰੋਨਾ ਪੀੜਤ 11 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੱਜ ਸ਼ਾਮ ਤਕ ਸੂਬੇ 'ਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 162 ਤਕ ਪਹੁੰਚ ਚੁੱਕੀ ਹੈ। 2 ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ ਬਟਾਲਾ 'ਚ ਇਕ ਵਿਅਕਤੀ ਦੀ ਸਾਹ ਦੀ ਸਮੱਸਿਆ ਕਾਰਨ ਮੌਤ ਹੋਈ ਸੀ ਪਰ ਉਸ ਦੀ ਰੀਪੋਰਟ ਨੈਗੇਟਿਵ ਆਈ ਹੈ। ਅੱਜ ਜ਼ਿਲ੍ਹਾ ਮੋਹਾਲੀ ਦੇ ਪਿੰਡ ਜਵਾਹਰਪੁਰ 'ਚ ਵੀ 2 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਬਾਅਦ ਇਸ ਪਿੰਡ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 34 ਹੋ ਗਈ ਹੈ। ਐਲ.ਪੀ.ਯੂ. ਜਲੰਧਰ ਦੀ ਇਕ ਵਿਦਿਆਰਥਣ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ। ਇਹ ਵੀ ਜ਼ਿਕਰਯੋਗ ਗੱਲ ਹੈ ਕਿ ਪਠਾਨਕੋਟ ਵਿਚ ਅੱਜ 56 ਸਾਲਾ ਅਖ਼ਬਾਰ ਦੇ ਹਾਕਰ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ।
ਅੱਜ ਜਲੰਧਰ ਵਿਚ 3, ਪਠਾਨਕੋਟ ਵਿਚ 2, ਪਟਿਆਲਾ ਅਤੇ ਫ਼ਰੀਦਕੋਟ ਵਿਚ ਵੀ 1-1 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਬੇ ਵਿਚ 500 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਹਾਲੇ ਉਡੀਕ ਅਧੀਨ ਹਨ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਪਟਿਆਲਾ ਵਿਚ ਦੂਜਾ ਕੋਰੋਨਾ ਪੀੜਤ ਕੇਸ ਆਇਆ ਹੈ ਜੋ ਇਕ ਪੀ.ਸੀ.ਐਸ. ਅਧਿਕਾਰੀ ਦੀ ਕੋਠੀ 'ਚ ਰਹਿੰਦਾ ਸੀ। ਇਹ ਮਾਲੀ ਦੇ ਤੌਰ 'ਤੇ ਕੰਮ ਕਰਦਾ ਹੈ। ਹੁਣ ਤਕ 20 ਕੋਰੋਨਾ ਪੀੜਤ ਠੀਕ ਵੀ ਹੋ ਚੁੱਕੇ ਹਨ। ਮੋਹਾਲੀ ਵਿਚ 50 ਦੇ ਅੰਕੜੇ ਤੋਂ ਬਾਅਦ ਜ਼ਿਲ੍ਹਾ ਨਵਾਂ ਸ਼ਹਿਰ ਵਿਚ 19, ਪਠਾਨਕੋਟ ਵਿਚ 16, ਜਲੰਧਰ ਵਿਚ 15, ਮਾਨਸਾ ਤੇ ਅੰਿਮ੍ਰਤਸਰ ਵਿਚ 11-11 ਅਤੇ ਲੁਧਿਆਣਾ 'ਚ 10 ਕੋਰੋਨਾ ਪੀੜਤ ਹਨ।