
ਜੀ.ਕੇ. ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਜਥੇਦਾਰ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 10 ਅਪ੍ਰੈਲ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਕੇ ਤਨਖ਼ਾਹ ਲਗਾਈ ਜਾਵੇ।
ਹਰਮੀਤ ਸਿੰਘ ਕਾਲਕਾ
ਕਾਲਕਾ ਨੇ ਕਿਹਾ ਕਿ ਜੀ.ਕੇ. ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਬਾਣੀ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਲਿਖਿਆ ਹੈ 'ਗੁਰੂ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ' ਪਰ ਮਨਜੀਤ ਸਿੰਘ ਜੀ.ਕੇ. ਨੇ ਇਸ ਗੁਰਬਾਣੀ ਦਾ ਘੋਰ ਨਿਰਾਦਰ ਕਰਦਿਆਂ ਦਾਅਵਾ ਕੀਤਾ ਹੈ ਕਿ ਲਿਖਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਇ ਜਦਕਿ ਅਸਲੀਅਤ ਵਿਚ ਇਸ ਤਰ੍ਹਾਂ ਦੀ ਗੁਰਬਾਣੀ ਦਾ ਉਚਾਰਣ ਨਾ ਤਾਂ ਕਿਸੇ ਨੇ ਕਦੇ ਸੁਣਿਆ ਹੈ ਤੇ ਨਾ ਹੀ ਕਦੇ ਅਜਿਹਾ ਕਿਤੇ ਲਿਖਿਆ ਹੈ। ਕਾਲਕਾ ਨੇ ਕਿਹਾ ਕਿ ਜੀ.ਕੇ. ਨੇ ਇਸ ਨਿਰਾਦਰ ਨਾਲ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੀ ਮਹਾਨਤਾ 'ਤੇ ਬਹੁਤ ਵੱਡੀ ਸੱਟ ਮਾਰੀ ਹੈ। ਕਾਲਕਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਜੀ.ਕੇ. ਨੇ ਗੁਰਬਾਣੀ ਦਾ ਗ਼ਲਤ ਉਚਾਰਣ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਗੁਰਬਾਣੀ ਦਾ ਨਿਰਾਦਰ ਕਰ ਚੁਕੇ ਹਨ।
ਹਰਮੀਤ ਸਿੰਘ ਕਾਲਕਾ ਨੇ ਮਨਜੀਤ ਸਿੰਘ ਜੀ.ਕੇ. ਨੂੰ ਸਲਾਹ ਦਿਤੀ ਕਿ ਉਹ ਅਪਣੇ ਪਿਛਲੇ ਛੇ ਵਰ੍ਹਿਆਂ ਦੇ ਕਾਰਜਕਾਲ 'ਤੇ ਨਜ਼ਰ ਮਾਰਨ ਕਿ ਉਨ੍ਹਾਂ ਨੇ ਕਿਹੜੇ-ਕਿਹੜੇ ਗੁਨਾਹ ਕੀਤੇ ਹਨ, ਕੀ ਉਹ ਬਖ਼ਸ਼ਣਯੋਗ ਹਨ? ਉਨ੍ਹਾਂ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਉਹ ਕਿਸੇ ਵੀ ਤਰ੍ਹਾਂ ਦੀ ਦੂਸ਼ਣਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ। ਕਾਲਕਾ ਨੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦੇ ਨਿਰਾਦਾਰ ਲਈ ਜੀ.ਕੇ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ ਤੇ ਤਨਖ਼ਾਹ ਲਗਾਈ ਜਾਵੇ।