
ਹਿਮਾਚਲ 'ਚ 'ਆਪ' ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਭਾਜਪਾ 'ਚ ਹੋਏ ਸ਼ਾਮਲ
ਕੇਜਰੀਵਾਲ, ਪਹਾੜ ਅਤੇ ਪਹਾੜੀ ਤੁਹਾਡੇ ਝਾਂਸੇ 'ਚ ਨਹੀਂ ਆਉਣਗੇ : ਅਨੁਰਾਗ ਠਾਕੁਰ
ਸ਼ਿਮਲਾ, 10 ਅਪ੍ਰੈਲ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ | 'ਆਪ' ਪਾਰਟੀ ਦੇ ਹਿਮਾਚਲ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ |
'ਆਪ' ਦੇ ਪ੍ਰਦੇਸ਼ ਪ੍ਰਧਾਨ ਅਨੂਪ ਕੇਸਰੀ, ਸੰਗਠਨ ਮਹਾਮੰਤਰੀ ਸਤੀਸ਼ ਠਾਕੁਰ ਅਤੇ ਊਨਾ ਦੇ ਪ੍ਰਧਾਨ ਇਕਬਾਲ ਸਿੰਘ ਭਾਜਪਾ ਪਾਰਟੀ 'ਚ ਸ਼ਾਮਲ ਹੋਏ | ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ | ਤਿੰਨੋਂ ਆਗੂਆਂ ਦੇ ਭਾਜਪਾ 'ਚ ਜਾਣ ਨਾਲ 'ਆਪ' ਨੂੰ ਝਟਕਾ ਲੱਗਾ ਹੈ |
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਦਿਆਂ ਕਿਹਾ, ''ਅਰਵਿੰਦ ਕੇਜਰੀਵਾਲ ਜੀ, ਪਹਾੜ ਅਤੇ ਪਹਾੜੀ ਤੁਹਾਡੇ ਝਾਂਸੇ 'ਚ ਨਹੀਂ ਆਉਣਗੇ | ਆਮ ਆਦਮੀ ਪਾਰਟੀ ਦੀਆਂ ਹਿਮਾਚਲ ਵਿਰੋਧੀ ਨੀਤੀਆ ਖ਼ਿਲਾਫ਼ 'ਆਪ' ਪਾਰਟੀ ਦੇ ਹਿਮਾਚਲ ਪ੍ਰਦੇਸ਼ ਪ੍ਰਧਾਨ ਅਨੂਪ ਕੇਸਰੀ, ਸੰਗਠਨ ਮਹਾਮੰਤਰੀ ਸਤੀਸ਼ ਠਾਕੁਰ ਅਤੇ ਊਨਾ ਦੇ ਪ੍ਰਧਾਨ ਇਕਬਾਲ ਸਿੰਘ ਦੁਨੀਆ ਦੀ ਸੱਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ 'ਚ ਮਾਣਯੋਗ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੀ ਹਾਜ਼ਰੀ 'ਚ ਸ਼ਾਮਲ ਹੋਏ | ਤੁਹਾਡਾ ਸਾਰਿਆਂ ਦਾ ਭਾਜਪਾ ਪਾਰਟੀ, ਪ੍ਰਵਾਰ 'ਚ ਸਵਾਗਤ ਹੈ |''
ਅਨੁਰਾਗ ਨੇ ਅੱਗੇ ਲਿਖਿਆ ਕਿ ਉੱਤਰ ਪ੍ਰਦੇਸ਼ 'ਚ ਸਾਰੀਆਂ ਸੀਟਾਂ 'ਤੇ 'ਆਪ' ਦੀ ਜ਼ਮਾਨਤ ਜ਼ਬਤ ਹੋਈ ਸੀ, ਉਸ ਤਰ੍ਹਾਂ ਹੀ ਹਿਮਾਚਲ ਵੀ ਦੁਹਰਾਉਣ ਲਈ ਤਿਆਰ ਖੜਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਅਤੇ ਲੀਡਰਸ਼ਿਪ 'ਚ ਵਿਰੋਧੀ ਵੀ ਆਸਥਾ ਜਤਾ ਰਹੇ ਹਨ ਕਿਉਂਕਿ ਉਹ ਸੱਭ ਕਾ ਸਾਥ, ਸੱਭ ਕਾ ਵਿਕਾਸ ਅਤੇ ਸੱਭ ਦਾ ਵਿਸ਼ਵਾਸ ਦੇ ਮੂਲ ਮੰਤਰ ਨਾਲ ਜੋੜਨ 'ਚ ਭਰੋਸਾ ਰਖਦੇ ਹਨ | (ਏਜੰਸੀ)