
ਵਿਦੇਸ਼ੀ ਮੁਦਰਾ ਭੰਡਾਰ 'ਚ ਆਈ ਹੁਣ ਤਕ ਦੀ ਸੱਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ
ਮੁੰਬਈ, 10 ਅਪ੍ਰੈਲ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਜਾਰੀ ਅੰਕੜਿਆਂ ਮੁਤਾਬਕ ਭੂ-ਸਿਆਸੀ ਹਾਲਾਤਾਂ ਕਾਰਨ ਮੁਦਰਾ ਦਬਾਅ 'ਚ ਆਉਣ ਕਾਰਨ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹੁਣ ਤਕ ਦੀ ਸੱਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਨਾਲ 11.173 ਅਰਬ ਡਾਲਰ ਘਟ ਕੇ 606.475 ਅਰਬ ਡਾਲਰ ਰਹਿ ਗਿਆ ਹੈ | ਪਿਛਲੇ ਹਫ਼ਤੇ 'ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.03 ਬਿਲੀਅਨ ਅਮਰੀਕੀ ਡਾਲਰ ਘਟ ਕੇ 617.648 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਸੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੀ ਸੱਭ ਤੋਂ ਖ਼ਰਾਬ ਹਫ਼ਤਾਵਾਰੀ ਗਿਰਾਵਟ 11 ਮਾਰਚ ਨੂੰ ਆਈ ਸੀ, ਉਦੋਂ ਵਿਦੇਸ਼ੀ ਮੁਦਰਾ ਭੰਡਾਰ 'ਚ 9.6 ਬਿਲੀਅਨ ਅਮਰੀਕੀ ਡਾਲਰ ਦੀ ਗਿਰਾਵਟ ਆਈ ਸੀ |
ਵਿਦੇਸ਼ੀ ਮੁਦਰਾ ਭੰਡਾਰ 'ਚ ਭਾਰੀ ਗਿਰਾਵਟ ਮੁੱਖ ਮੁਦਰਾ ਜਾਇਦਾਦਾਂ 'ਚ ਗਿਰਾਵਟ ਕਾਰਨ ਆਈ ਜੋ 10.727 ਬਿਲੀਅਨ ਅਮਰੀਕੀ ਡਾਲਰ ਡਿਗ ਕੇ 539.727 ਬਿਲੀਅਨ ਅਮਰੀਕੀ ਡਾਲਰ ਰਹਿ ਗਈ | ਫ਼ਿਲਹਾਲ ਯੂਕ੍ਰੇਨ 'ਤੇ ਰੂਸੀ ਹਮਲੇ ਨੇ ਮੁਦਰਾ ਬਾਜ਼ਾਰਾਂ 'ਚ ਪ੍ਰੇਸ਼ਾਨੀਆਂ ਪੈਦਾ ਕਰ ਦਿਤੀਆਂ ਹਨ | ਡਾਲਰ 'ਚ ਦਰਸਾਏ ਵਿਦੇਸ਼ੀ ਮੁਦਰਾ ਭੰਡਾਰ 'ਚ ਰੱਖੇ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ 'ਚ ਯੂਰੋ, ਪੌਂਡ ਅਤੇ ਯੇਨ ਵਰਗੇ ਗ਼ੈਰ ਅਮਰੀਕੀ ਮੁਦਰਾ 'ਚ ਮੁੱਲ ਵਾਧੇ ਅਤੇ ਘਾਟੇ ਦੇ ਪ੍ਰਭਾਵ ਸ਼ਾਮਲ ਹਨ | ਆਮ ਤੌਰ 'ਤੇ ਮੁਦਰਾ ਬਾਜ਼ਾਰ 'ਚ ਅਸਥਿਰਤਾ ਨੂੰ ਘੱਟ ਕਰਨ ਲਈ ਆਰ. ਬੀ. ਆਈ. ਅਪਣੇ ਭੰਡਾਰ ਤੋਂ ਕੁੱਝ ਹਿੱਸਾ ਵੇਚ ਕੇ ਬਾਜ਼ਾਰ 'ਚ ਦਖ਼ਲਅੰਦਾਜ਼ੀ ਕਰਦਾ ਹੈ |
ਆਰ. ਬੀ. ਆਈ. ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਸਮੀਖਿਆ ਅਧੀਨ ਹਫ਼ਤੇ 'ਚ ਸੋਨੇ ਦੇ ਭੰਡਾਰ ਦਾ ਮੁੱਲ ਵੀ 507 ਮਿਲੀਅਨ ਅਮਰੀਕੀ ਡਾਲਰ ਘਟ ਕੇ 42.734 ਬਿਲੀਅਨ ਅਮਰੀਕੀ ਡਾਲਰ ਹੋ ਗਿਆ | ਆਰ. ਬੀ. ਆਈ. ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈ. ਐਮ. ਐਫ਼.) ਨਾਲ ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 58 ਮਿਲੀਅਨ ਅਮਰੀਕੀ ਡਾਲਰ ਵਧ ਕੇ 18.879 ਬਿਲੀਅਨ ਅਮਰੀਕੀ ਡਾਲਰ ਹੋ ਗਿਆ | ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਈ. ਐਮ.ਐਫ਼. ਨਾਲ ਦੇਸ਼ ਦੀ ਰਿਜ਼ਰਵ ਪੋਜੀਸ਼ਨ ਵੀ ਸਮੀਖਿਆ ਅਧੀਨ ਹਫ਼ਤੇ 'ਚ 4 ਮਿਲੀਅਨ ਅਮਰੀਕੀ ਡਾਲਰ ਵਧ ਕੇ 5.136 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ | (ਏਜੰਸੀ)