
ਵਾਰਦਾਤ ਤੋਂ ਬਾਅਦ ਇਕੱਠੇ ਕੀਤੇ ਸਬੂਤ ਸੁਰੱਖਿਅਤ ਰੱਖਣ 'ਚ ਮਿਲੇਗੀ ਮਦਦ
ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਸਾਰੇ 29 ਥਾਣਿਆਂ ਨੂੰ ਵਿਭਾਗ ਵੱਲੋਂ ਫੋਰੈਂਸਿਕ ਕਿੱਟਾਂ ਦਿੱਤੀਆਂ ਗਈਆਂ ਹਨ। ਪੁਲਿਸ ਨੂੰ ਅਪਰਾਧ ਦੇ ਸਥਾਨ ਤੋਂ ਸਬੂਤਾਂ ਨੂੰ ਸੰਭਾਲਣ ਲਈ ਫੋਰੈਂਸਿਕ ਸਾਇੰਸ ਟੀਮ 'ਤੇ ਭਰੋਸਾ ਕਰਨਾ ਪੈਂਦਾ ਹੈ ਪਰ ਹੁਣ ਸਾਰੇ ਥਾਣਿਆਂ ਨੂੰ ਵਿਗਿਆਨਕ ਜਾਂਚ ਕਿੱਟਾਂ ਨਾਲ ਲੈਸ ਕੀਤਾ ਗਿਆ ਹੈ। ਸਬੂਤ ਦੀ ਮੁੜ ਪ੍ਰਾਪਤੀ ਯੋਗ ਸੁਰੱਖਿਆ ਲਈ ਕਿੱਟ ਵਿਚ ਇੱਕ ਪੈੱਨ ਡਰਾਈਵ ਅਤੇ ਇੱਕ ਹਾਰਡ ਡਿਸਕ ਵੀ ਲਗਾਈ ਗਈ ਹੈ।
ਏਡੀਸੀਪੀ ਹੈਡਕੁਆਰਟਰ ਸਮੀਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿੱਟ ਵਿਚ ਪੈਨ ਡਰਾਈਵ, ਇੱਕ 500 ਜੀਬੀ ਦੀ ਹਾਰਡ ਡਿਸਕ, ਕੁਝ ਪਲਾਸਟਿਕ ਦੇ ਕੰਟੇਨਰ ਜੋ ਮਾਮਲੇ ਵਿਚ ਸਬੂਤਾਂ ਆਦਿ ਨੂੰ ਰੱਖਣ ਲਈ ਵਰਤੇ ਜਾਣਗੇ, ਧਾਗੇ, ਅਲਮਾਰੀਆਂ, ਕਾਗਜ਼ ਆਦਿ ਸਮੇਤ ਹੋਰ ਉਹ ਚੀਜ਼ਾਂ ਸ਼ਾਮਲ ਹਨ ਜੋ ਜਾਂਚ ਵਿਚ ਲੋੜੀਂਦੀਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ: ਟਵਿੱਟਰ ਤੋਂ ਹਟਾਏ ਗਏ ਅਧਿਕਾਰੀ ਪਹੁੰਚੇ ਅਦਾਲਤ ਪਹੁੰਚੇ, ਦਰਜ ਕਰਵਾਇਆ ਮੁਕੱਦਮਾ
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਨਾਲ ਪੁਲਿਸ ਨੂੰ ਆਪਣੀ ਜਾਂਚ ਮੁਕੰਮਲ ਕਰਨ ਵਿਚ ਕਾਫੀ ਮਦਦ ਮਿਲੇਗੀ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਮੌਜੂਦ ਕੁਝ ਚੀਜ਼ਾਂ ਅਸਥਾਈ ਹਨ ਪਰ ਕਈ ਚੀਜ਼ਾਂ ਜਿਵੇਂ ਪੈਨ ਡਰਾਈਵ ਆਦਿ ਨੂੰ ਲੰਬੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ। ਏਡੀਸੀਪੀ ਵਰਮਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਹਰ ਥਾਣੇ ਨੂੰ ਇੱਕ ਹਾਰਡ ਡਿਸਕ ਮੁਹਈਆ ਕਰਵਾਈ ਗਈ ਹੈ।
ਉਨ੍ਹਾਂ ਜਾਣਕਾਰੀ ਦਿਤੀ ਕਿ ਕਈ ਵਾਰ ਕਿਸੇ ਮਾਮਲੇ ਵਿਚ ਕੋਰਟ ਵਲੋਂ ਸਬੂਤ ਪੇਸ਼ ਕਰਨ ਲਈ ਕਿਹਾ ਜਾਂਦਾ ਹੈ ਜਿਥੇ ਇਹ ਹਾਰਡ ਡਿਸਕ ਅਤੇ ਪੈਨ ਡਰਾਈਵ ਆਦਿ ਬਹੁਤ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਕਿੱਟਾਂ ਹੁਣ ਥਾਣਿਆਂ ਲਈ ਮੁਹਈਆ ਕਰਵਾਈਆਂ ਗਈਆਂ ਹਨ ਪਰ ਭਵਿੱਖ ਵਿਚ ਜੇਕਰ ਚੌਕੀ ਪੱਧਰ 'ਤੇ ਲੋੜ ਮਹਿਸੂਸ ਕੀਤੀ ਗਈ ਤਾਂ ਉਸ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।