
TarnTaran News: ਹਮਲਾਵਰ ਮੌਕੇ ਤੋਂ ਹੋਏ ਫ਼ਰਾਰ
Patti TarnTaran Firing News in punjabi : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪਟੀ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ। ਇਸ ਦੌਰਾਨ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਰਿੰਦਰਬੀਰ ਸਿੰਘ ਵਜੋਂ ਹੋਈ ਹੈ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੱਟੀ ਵਾਸੀ ਇਸ਼ਟਪ੍ਰਤਾਪ ਸਿੰਘ, ਜੋ ਕਿ ਵਿਦੇਸ਼ ’ਚ ਰਹਿੰਦਾ ਹੈ, ਦੇ ਦਾਦੇ ਨੇ ਪੁਰਾਣੇ ਸਮੇਂ ’ਚ ਆਪਣੀ 16 ਏਕੜ ਮਾਲਕੀ ਜ਼ਮੀਨ ਦਾ ਬਿਆਨਾ ਨਵਤੇਜ ਸਿੰਘ ਤੇ ਜਗਬੀਰ ਸਿੰਘ ਵਾਸੀ ਬਿਸ਼ੰਬਰਪੁਰ ਜੰਡਿਆਲਾ ਨੂੰ ਕੀਤਾ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਦਾਦੇ ਦੀ ਮੌਤ ਹੋ ਗਈ ਅਤੇ ਇਸ਼ਟਪ੍ਰਤਾਪ ਸਿੰਘ ਰਜਿਸਟਰੀ ਕਰਨ ਤੋਂ ਇਨਕਾਰ ਕਰਨ ਲੱਗਾ। ਉਕਤ ਜ਼ਮੀਨ ਦਾ ਕੋਰਟ ਕੇਸ ਚੱਲਣ ਲੱਗਾ।
ਜਦਕਿ ਬਰਿੰਦਰਬੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕੋਟ ਧੁੰਨਾ ਜ਼ਿਲ੍ਹਾ ਬਰਨਾਲਾ, ਜੋ ਕਿ ਇਸ਼ਟਪ੍ਰਤਾਪ ਸਿੰਘ ਦਾ ਰਿਸ਼ਤੇਦਾਰ ਹੈ, ਉਹ ਝਗੜੇ ਵਾਲੀ ਜ਼ਮੀਨ ’ਚ ਕਮਰਾ ਬਣਾ ਕੇ ਆਪਣੇ ਸਾਥੀਆਂ ਸਮੇਤ ਬੈਠਾ ਸੀ। ਇਸੇ ਦੌਰਾਨ ਫਾਰਚੂਨਰ ਸਵਾਰ ਦੋ ਵਿਅਕਤੀ ਆਏ ਤੇ ਸਿੱਧੀਆਂ ਗੋਲ਼ੀਆਂ ਕਮਰੇ ’ਚ ਬੈਠੇ ਵਿਅਕਤੀਆਂ ’ਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਫ਼ਾਇਰਿੰਗ ਦੌਰਾਨ ਦੋ ਗੋਲ਼ੀਆਂ ਬਰਿੰਦਰਬੀਰ ਸਿੰਘ ਦੇ ਲੱਗੀਆਂ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਜਦਕਿ ਉਸ ਦੇ ਬਾਕੀ ਸਾਥੀਆਂ ਨੇ ਭੱਜ ਕੇ ਆਪਣਾ ਬਚਾਅ ਕੀਤਾ। ਗੋਲ਼ੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਿਟੀ ਪੱਟੀ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੱਟੀ ਦੇ ਡੈੱਡ ਹਾਊਸ ’ਚ ਰਖਵਾ ਦਿੱਤਾ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਾਰਸਾਂ ਦੇ ਬਿਆਨ ਲਏ ਜਾ ਰਹੇ ਹਨ, ਜਿਸ ਦੇ ਅਧਾਰ ’ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।