
ਕਿਹਾ, ਹਰਸਿਮਰਤ ਤੇ ਅਕਾਲੀ ਅਪਣੀ ਗੁਆਚੀ ਸਾਖ ਬਚਾਉਣ ਲਈ 'ਸਿਹਰਾ ਅਪਣੇ ਸਿਰ ਬੰਨ੍ਹਣ' ਦੀ ਲੜਾਈ ਵਿਚ ਪੈ ਗਏ
ਚੰਡੀਗੜ੍ਹ, 8 ਮਈ (ਗੁਰਉਪਦੇਸ਼ ਭੁੱਲਰ) : ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਜੇ ਸਿਆਸਤ ਸ਼ੁਰੂ ਨਾ ਹੁੰਦੀ ਤਾਂ ਕੋਰੋਨਾ ਸੰਕਟ ਤੋਂ ਹੁਣ ਤਕ ਪੰਜਾਬ ਵਿਚ ਕੰਟਰੋਲ ਹੋ ਜਾਣਾ ਸੀ।
ਉਨ੍ਹਾਂ ਕਿਹਾ ਕਿ ਸਥਿਤੀ ਸ੍ਰੀ ਹਜ਼ੂਰ ਸਾਹਿਬ ਦੇ ਮਾਮਲੇ ਆਉਣ ਤੋਂ ਪਹਿਲਾਂ ਕਾਫ਼ੀ ਕਾਬੂ ਵਿਚ ਸੀ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹੋਰ ਕਈ ਅਕਾਲੀ ਆਗੂਆਂ ਨੇ ਅਪਣੇ ਖ਼ਤਮ ਹੋ ਚੁੱਕੇ ਆਧਾਰ ਨੂੰ ਬਹਾਲ ਕਰ ਲਈ ਬੇਲੋੜੇ ਮੁੱਦੇ ਉਛਾਲ ਕੇ ਕੋਰੋਨਾ ਸੰਕਟ ਉਤੇ ਸਿਆਸਤ ਸ਼ੁਰੂ ਕਰ ਦਿਤੀ।
ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਮਾਮਲੇ ਵਿਚ ਫੋਕੀ ਵਾਹ-ਵਾਹ ਖੱਟ ਕੇ ਸਿੱਖਾਂ ਵਿਚ ਵਕਾਰ ਬਹਾਲ ਕਰਨ ਲਈ ਕਰੈਡਿਟ ਵਾਰ ਸ਼ੁਰੂ ਕਰ ਦਿਤੀ ਜਿਸ ਵਿਚ ਨਾਲ ਇਕ ਜੁੱਟ ਹੋ ਕੇ ਚਲ ਰਹੀਆਂ ਪਾਰਟੀਆਂ ਉਪਰ ਗ਼ਲਤ ਅਸਰ ਹੋਇਆ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਿਹਰਾ ਅਪਣੇ ਸਿਰ ਬੰਨ੍ਹਣ ਦੇ ਚੱਕਰ ਵਿਚ ਹੀ ਬਾਦਲਾਂ ਨੇ ਪ੍ਰਾਈਵੇਟ ਬਸਾਂ ਵਿਚ ਲਿਆਂਦੇ ਸ਼ਰਧਾਲੂਆਂ ਨੂੰ ਸਿੱਧੇ ਪਿੰਡਾਂ ਵਿਚ ਪਹੁੰਚਾਇਆ ਜਿਸ ਨਾਲ ਸੰਕਟ ਵਧ ਗਿਆ। ਉਨ੍ਹਾਂ ਕਿਹਾ ਕਿ ਜਿਥੇ ਇਸ ਲਈ ਮਹਾਂਰਾਸ਼ਟਰ ਸਰਕਾਰ ਨੇ ਕੋਤਾਹੀ ਵਰਤੀ ਉਥੇ ਪੰਜਾਬ ਸਰਕਾਰ ਵਲੋਂ ਵੀ ਪ੍ਰਬੰਧਾਂ ਵਿਚ ਗ਼ਲਤੀ ਦੀ ਗੱਲ ਮੰਨੀ।
ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਨੇ ਉਥੇ ਵੱਡਾ ਕੋਰੋਨਾ ਸੰਕਟ ਵਾਲਾ ਸੂਬਾ ਹੋਣ ਦੇ ਬਾਵਜੂਦ ਵੀ ਸ਼ਰਧਾਲੂਆਂ ਦੀ ਸਿਰਫ਼ ਸਕਰੀਨਿੰਗ ਹੀ ਕਰਵਾਈ ਜਦ ਕਿ ਇਕ ਵੀ ਸ਼ਰਧਾਲੂ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ ਗਿਆ। ਰਾਜਾ ਵੜਿੰਗ ਨੇ ਪੰਜਾਬ ਦੇ ਪ੍ਰਬੰਧਾਂ ਵਿਚ ਖ਼ਾਮੀਆਂ ਦੀ ਗੱਲ ਮੰਨਦਿਆਂ ਕਿਹਾ ਪ੍ਰਸ਼ਾਸਕੀ ਨਾਲਾਇਕੀ ਸਾਹਮਣੇ ਆਈ ਹੈ ਅਤੇ ਇਕਾਂਤਵਾਸ ਆਦਿ ਦੇ ਕਈ ਥਾਈਂ ਚੰਗੇ ਪ੍ਰਬੰਧ ਨਹੀਂ ਕੀਤੇ ਜਿਸ ਨਾਲ ਬੱਚਿਆਂ ਨੂੰ ਵੀ ਮੁਸ਼ਕਲਾਂ ਆਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਸਮੇਂ ਲੋੜ ਹੈ ਕਿ ਸਾਰੀਆਂ ਪਾਰਟੀਆਂ ਮਿਲ ਕੇ ਸੂਬੇ ਲਈ ਵਿੱਤੀ ਸਹਾਇਤਾ ਲੈਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਐਮ.ਪੀ.ਫੰਡ. ਵਿਚੋਂ ਇਕ ਵੈਂਟੀਲੇਟਰ ਵਾਲੀ ਵੈਨ ਦੇਣ ਜਾਂ ਕੁੱਝ ਲੋਕਾਂ ਨੂੰ ਸੈਨੇਟਾਈਜ਼ਰ ਵੰਡ ਦੇਣਾ ਵੱਡੀ ਗੱਲ ਨਹੀਂ ਜਦਕਿ ਉਨ੍ਹਾਂ ਦਾ ਟਰਾਂਸਪੋਰਟ ਤੇ ਹੋਰ ਖੇਤਰਾਂ ਵਿਚ ਬੁਹਤ ਵੱਡਾ ਕਾਰੋਬਾਰ ਹੈ।
ਉਨ੍ਹਾਂ ਨੂੰ ਚਾਹੀਦਾ ਹੈ ਕਿ ਅਪਣੀਆਂ ਬੱਸਾਂ ਦੇ ਡਰਾਈਵਰਾਂ ਤੇ ਹਰ ਸਟਾਫ਼ ਨੂੰ ਸੰਕਟ ਕਾਰਨ ਬਿਨਾਂ ਕਟੌਤੀ ਤਨਖ਼ਾਹ ਦੇਣ ਅਤੇ ਕੇਬਲ ਤੇ ਇੰਟਰਨੈੱਟ ਕੰਪਨੀ ਦੇ ਮਾਲਕ ਹੋਣ ਕਾਰਨ ਤਾਲਾਬੰਦੀ ਸਮੇਂ ਲੋਕਾਂ ਨੂੰ ਸਾਰੇ ਬਿੱਲ ਮਾਫ਼ ਕਰ ਕੇ ਰਾਹਤ ਦੇਣ।
ਤੀਜਾ ਸੁਝਾਅ ਬਾਦਲ ਪਰਵਾਰ ਨੂੰ ਰਾਜਾ ਵੜਿੰਗ ਨੇ ਦਿਤਾ ਹੈ ਕਿ ਉਹ ਅਪਣੇ ਅਤੀ ਆਲੀਸ਼ਾਨ ਚੰਡੀਗੜ੍ਹ ਨੇੜਲੇ ਹੋਟਲ ਮੁੱਖ ਵਿਲਾਸ ਨੂੰ ਇਕਾਂਤਵਾਸ ਬਣੀ ਦੇਣ ਤਾਂ ਜੋ ਅਗਲੇ ਦਿਨਾਂ ਵਿਚ ਆਉਣ ਵਾਲੇ ਐਨ.ਆਰ.ਆਈਜ਼. ਨੂੰ ਉਥੇ ਸਰਕਾਰ ਰੱਖ ਸਕੇ।