
ਸਰਕਾਰ ਇਕ ਪਾਸੇ ਕੋਰੋਨਾ ਤੋਂ ਬਚਾਅ ਦੇ ਪੂਰੇ ਪ੍ਰਬੰਧਾਂ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਸਰਕਾਰੀ ਹਸਪਤਾਲਾਂ ਅੰਦਰ ਲਾਵਾਰਸ ਮਰੀਜ਼ਾਂ ਦੀ ਸੰਭਾਲ ਦਾ
ਕੁਰਾਲੀ/ਮਾਜਰੀ, 10 ਮਈ (ਕੁਲਵੰਤ ਸਿੰਘ ਧੀਮਾਨ) : ਸਰਕਾਰ ਇਕ ਪਾਸੇ ਕੋਰੋਨਾ ਤੋਂ ਬਚਾਅ ਦੇ ਪੂਰੇ ਪ੍ਰਬੰਧਾਂ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਸਰਕਾਰੀ ਹਸਪਤਾਲਾਂ ਅੰਦਰ ਲਾਵਾਰਸ ਮਰੀਜ਼ਾਂ ਦੀ ਸੰਭਾਲ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਇਸ ਦੀ ਮਿਸਾਲ ਦਿੰਦਿਆ ਸਮਾਜ ਸੇਵੀ ਰਵਿੰਦਰ ਸਿੰਘ ਵਜੀਦਪੁਰ ਤੇ ਜਸਵੀਰ ਸਿੰਘ ਕਾਦੀਮਾਜਰਾ ਨੇ ਦਸਿਆ ਕਿ ਉਨ੍ਹਾਂ ਮਾਜਰੀ ਬਲਾਕ ਨੇੜੇ ਕੁਰਾਲੀ ਸਿਸਵਾਂ ਰੋਡ ਤੋਂ ਪਿਛੇ ਖਤਾਨਾਂ ਵਿਚ ਅਲਫ਼ ਨੰਗੇ ਤੇ ਭੁੱਖ ਨਾਲ ਤੜਫ ਰਹੇ ਇਕ ਵਿਅਕਤੀ ਦੇਖਿਆ ਤਾਂ ਉਹ ਤੁਰਤ ਹੈਲਪਲਾਈਨ 112 ਰਾਹੀਂ ਮਾਜਰੀ ਪੁਲਿਸ ਦੀ ਸਹਾਇਤਾ ਨਾਲ ਉਸ ਨੂੰ ਸਿਵਲ ਹਸਪਤਾਲ ਬੂਥਗੜ੍ਹ ਵਿਖੇ ਲੈ ਕੇ ਗਏ।
ਇਸ ਦੌਰਾਨ ਹਸਪਤਾਲ ’ਚ ਤੈਨਾਤ ਮਹਿਲਾ ਡਾਕਟਰ ਨੇ ਰਾਤ ਵੇਲੇ ਇਥੇ ਸਟਾਫ਼ ਦੀ ਕਮੀ ਦਸਦਿਆਂ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਕੁਰਾਲੀ ਵਿਖੇ ਰੈਫ਼ਰ ਕੀਤਾ ਤਾਂ ਉਨ੍ਹਾਂ ਖ਼ੁਦ 108 ਐਂਬੂਲੈਂਸ ਰਾਹੀਂ ਕੁਰਾਲੀ ਲਈ ਬਿਠਾ ਕੇ ਭੇਜਿਆ। ਇਸ ਉਪਰੰਤ ਉਨ੍ਹਾਂ ਐਂਬੂਲੈਂਸ ਸਟਾਫ਼ ਤੋਂ ਜਾਣਕਾਰੀ ਲਈ ਕਿ ਉਸ ਨੂੰ ਦਾਖ਼ਲ ਕਰਵਾ ਦਿਤਾ ਗਿਆ ਪਰ ਉਸ ਦੀ ਹਾਲਤ ਅਤੇ ਲਾਵਾਰਿਸ ਹੋਣ ਕਾਰਨ ਸਾਨੂੰ ਉਸ ਦੇ ਇਲਾਜ ਲਈ ਧਿਆਨ ਨਾ ਦੇਣ ਦਾ ਪਹਿਲਾਂ ਹੀ ਸ਼ੱਕ ਹੋਣ ਕਾਰਨ ਜਦ ਹਸਪਤਾਲ ਸੰਪਰਕ ਕਰ ਕੇ ਪਤਾ ਕੀਤਾ ਤਾਂ ਉਥੋਂ ਕਿਸੇ ਮੁਲਾਜ਼ਮ ਨੇ ਦਸਿਆ ਕਿ ਉਹ ਵਿਅਕਤੀ ਸਾਡੇ ਕੋਲੋਂ ਚਲਾ ਗਿਆ।
File photo
ਮੌਜੂਦਾ ਸਮੇਂ ਕੋਰੋਨਾ ਦੀ ਬਿਮਾਰੀ ਕਾਰਨ ਉਸ ਵਿਅਕਤੀ ਦੇ ਟੈਸਟ ਵਲ ਧਿਆਨ ਨਾ ਦੇਣ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਕਰਨ ਬਾਰੇ ਕਹਿਣ ਤੋਂ ਬਾਅਦ ਮੁਲਾਜ਼ਮਾਂ ਨੇ ਫਿਰ ਫ਼ੋਨ ’ਤੇ ਦਸਿਆ ਕਿ ਉਸ ਵਿਅਕਤੀ ਨੂੰ ਦੁਬਾਰਾ ਲੱਭ ਲਿਆ ਸੀ ਪਰ ਉਹ ਸਾਡੀ ਪਕੜ ਵਿਚ ਛੁੱਟ ਕੇ ਬਾਜ਼ਾਰ ਵਲ ਭੱਜ ਗਿਆ। ਹਪਸਤਾਲ ਸਟਾਫ਼ ਦੀ ਇਸ ਲਾਪ੍ਰਵਾਹੀ ਬਾਰੇ ਉਨ੍ਹਾਂ ਰਾਤ ਸਮੇਂ ਹੀ ਲਿਖਤੀ ਵੱਟਸਐਪ ਸੰਦੇਸ਼ ਰਾਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਜਾਣੂ ਕਰਵਾਇਆ, ਜਿਨ੍ਹਾਂ ਮੈਸੇਜ ਤਾਂ ਤੁਰਤ ਚੈਕ ਕਰ ਲਿਆ ਪਰ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਵੇਰੇ ਫਿਰ ਉਨ੍ਹਾਂ ਐਸ.ਐਮ.ਓ. ਮਹਿੰਦਰ ਸਿੰਘ ਨਾਲ ਘਟਨਾ ਬਾਰੇ ਅਤੇ ਹਸਪਤਾਲ ਅੰਦਰ ਸ਼ੱਕੀ ਮਰੀਜ਼ ਲਈ ਸੁਰੱਖਿਅਤ ਵਾਰਡ ਨਾ ਹੋਣ ਬਾਰੇ ਵੀ ਫ਼ੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਇਸ ਘਟਨਾ ਬਾਰੇ ਅਣਜਾਣਤਾ ਪ੍ਰਗਟਾਈ ਤੇ ਕਿਹਾ ਮਰੀਜ਼ ਨੂੰ ਸ਼ਹਿਰ ਦੀ ਪੁਲਿਸ ਦੀ ਮਦਦ ਨਾਲ ਲੱਭਣ ਦੀ ਪੂਰੀ ਕੋਸ਼ਿਸ਼ ਕਰਨਗੇ।