ਆਖਿਆ! ਬਾਦਲਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਾਉਣ ਦੀ ਨਾ ਛੱਡੀ ਕਸਰ
ਕੋਟਕਪੂਰਾ, 11 ਮਈ (ਗੁਰਿੰਦਰ ਸਿੰਘ) : ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਥ ਵਾਸਤੇ ਕੋਈ ਕੁਰਬਾਨੀ ਨਹੀਂ, ਉਹ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ, ਜੋ ਕਿ 1996 'ਚ ਪਹਿਲੀ ਵਾਰ ਫ਼ਰੀਦਕੋਟ ਤੋਂ ਐਮ.ਪੀ. ਬਣ ਕੇ ਸਿਆਸਤ 'ਚ ਸਰਗਰਮ ਹੋਇਆ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ, ਬੁਲਾਰੇ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਮੱਖਣ ਸਿੰਘ ਨੰਗਲ ਨੇ ਦਾਅਵਾ ਕੀਤਾ ਕਿ ਭਾਵੇਂ ਇਸ ਤੋਂ ਪਹਿਲਾਂ ਵੀ ਬਾਦਲ ਅਤੇ ਕੁੱਝ ਹੋਰ ਵਿਅਕਤੀਆਂ ਦੀਆਂ ਮਨਮਾਨੀਆਂ ਨਾਲ ਅਕਾਲੀ ਦਲ ਦਾ ਨੁਕਸਾਨ ਹੋਇਆ ਪਰ ਪੰਜਾਬ ਦਾ ਆਰਥਕ ਤੌਰ 'ਤੇ ਨੁਕਸਾਨ ਸਿਆਸੀ ਲੀਡਰਾਂ ਕਾਰਨ ਹੀ ਸਾਲ 1980 ਤੋਂ ਖਾੜਕੂਵਾਦ ਦੇ ਨਾਂਅ 'ਤੇ ਸਿੱਖ ਨੌਜਵਾਨੀ ਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਜਥੇਦਾਰ ਨੰਗਲ ਨੇ ਦਸਿਆ ਕਿ ਸਾਲ 2007 'ਚ ਅਕਾਲੀ-ਭਾਜਪਾ ਸਰਕਾਰ ਬਣਨ ਮੌਕੇ ਸਾਰੀ ਹਕੂਮਤ ਦੀ ਕਮਾਨ ਸੁਖਬੀਰ ਤੇ ਮਜੀਠੀਆ ਦੀ ਮੁੱਠੀ ਵਿਚ ਆ ਗਈ। ਉਕਤਾਨ ਨੇ ਟਕਸਾਲੀ ਅਕਾਲੀਆਂ ਨੂੰ ਦਰਕਿਨਾਰ ਕਰ ਕੇ ਕਮਾਊ ਚਮਚਿਆਂ ਨੂੰ ਹਲਕਾ ਇੰਚਾਰਜ ਲਾਇਆ, ਰੇਤਾ-ਬੱਜਰੀ, ਚਿੱਟਾ, ਕੇਬਲ, ਟਰਾਂਸਪੋਰਟ ਸਮੇਤ ਅਨੇਕਾਂ ਮਾਫ਼ੀਏ ਪੈਦਾ ਕਰ ਕੇ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਅਕਾਲੀ ਦਲ ਅਤੇ ਪੰਜਾਬ ਦਾ ਭੱਠਾ ਬਿਠਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ।
ਜਥੇਦਾਰ ਨੰਗਲ ਨੇ ਆਖਿਆ ਕਿ ਜਿਵੇਂ ਬਾਦਲ ਪਰਵਾਰ ਨੇ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਨੂੰ ਬੰਦ ਕਰਾਉਣ ਦੀ ਹਰ ਸੰਭਵ ਅਸੰਭਵ ਕੋਸ਼ਿਸ਼ ਕੀਤੀ, ਉਸੇ ਤਰ੍ਹਾਂ ਗੁਜਰਾਤ 'ਚ ਵਸਦੇ ਪੰਜਾਬੀ ਕਿਸਾਨਾਂ, ਬੇਅਦਬੀ ਅਤੇ ਗੋਲੀਕਾਂਡ ਦੇ ਪੀੜਤਾਂ ਨੂੰ ਵੀ ਇਨਸਾਫ਼ ਦਿਵਾਉਣ ਦੀ ਜ਼ਰੂਰਤ ਨਾ ਸਮਝੀ।
ਜਥੇਦਾਰ ਨੰਗਲ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੀ ਐਮਬੀਏ ਦੀ ਡਿਗਰੀ ਹੀ ਪੰਜਾਬ, ਪੰਜਾਬੀ, ਪੰਜਾਬੀਅਤ ਸਮੇਤ ਸਿੱਖ ਕੌਮ, ਪੰਥ ਅਤੇ ਸ਼੍ਰੋਮਣੀ ਕਮੇਟੀ ਦਾ ਭੱਠਾ ਬਿਠਾਉਣ ਦਾ ਸਬਬ ਬਣੀ। ਉਨ੍ਹਾਂ ਆਖਿਆ ਕਿ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਸਮੇਤ ਪੰਥ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਸ਼ੱਕੀ ਕਰ ਕੇ ਰੱਖ ਦਿਤੀ ਹੈ, ਜਿਸ ਦਾ ਆਉਣ ਵਾਲੀ ਪੀੜੀ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ।