
'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ ਦੋ ਹੋਰ ਮਰੀਜ਼ ਬਿਲਕੁਲ ਤੰਦਰੁਸਤ ਹੋ ਗਏ ਹਨ। ਜ਼ਿਲ੍ਹੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਹੁਣ 54 ਹੋ ਗਈ ਹੈ।
ਐਸ.ਏ.ਐਸ. ਨਗਰ/ਬਨੂੜ, 10 ਮਈ (ਸੁਖਦੀਪ ਸਿੰਘ ਸੋਈਂ, ਅਵਤਾਰ ਸਿੰਘ) : 'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ ਦੋ ਹੋਰ ਮਰੀਜ਼ ਬਿਲਕੁਲ ਤੰਦਰੁਸਤ ਹੋ ਗਏ ਹਨ। ਜ਼ਿਲ੍ਹੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਹੁਣ 54 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਐਤਵਾਰ ਨੂੰ ਦੋ ਔਰਤਾਂ ਸਿਹਤਯਾਬ ਹੋਈਆਂ ਹਨ ਜਿਨ੍ਹਾਂ ਵਿਚ 80 ਸਾਲ ਮੋਹਿੰਦਰ ਕੌਰ ਅਤੇ 56 ਸਾਲਾ ਜਸਵਿੰਦਰ ਕੌਰ ਸ਼ਾਮਲ ਹਨ। ਦੋ ਦਿਨ ਪਹਿਲਾਂ ਵੀ 80 ਸਾਲਾ ਤੇਜ ਕੌਰ ਨੇ ਇਸ ਮਾਰੂ ਬੀਮਾਰੀ ਨੂੰ ਮਾਤ ਦੇ ਦਿਤੀ ਸੀ। ਦੋਹਾਂ ਔਰਤਾਂ ਵਿਚੋਂ ਜਸਵਿੰਦਰ ਕੌਰ ਪਿੰਡ ਜਵਾਹਰਪੁਰ ਨਾਲ ਸਬੰਧਤ ਹੈ ਜਦਕਿ ਮੋਹਿੰਦਰ ਕੌਰ ਮੋਹਾਲੀ ਦੇ ਸੈਕਟਰ 81 ਦੀ ਰਹਿਣ ਵਾਲੀ ਹੈ।
ਜ਼ਿਲ੍ਹੇ ਵਿਚ ਹੁਣ ਤਕ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 98 ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ 41 'ਤੇ ਆ ਗਈ ਹੈ ਅਤੇ ਤਿੰਨ ਮੌਤਾਂ ਹੋਈਆਂ ਹਨ। ਡਾ. ਮਨਜੀਤ ਸਿੰਘ ਮੁਤਾਬਕ ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 35 ਮਰੀਜ਼ ਅੱਜ ਤਕ ਠੀਕ ਹੋ ਚੁਕੇ ਹਨ। ਜਸਵਿੰਦਰ ਕੌਰ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿਚ ਬਣਾਏ ਗਏ ਇਕਾਂਤਵਾਸ ਕੇਂਦਰ ਵਿਚ ਰਖਿਆ ਜਾਵੇਗਾ। 14 ਦਿਨਾਂ ਦਾ ਇਕਾਂਤਵਾਸ ਸਮਾਂ ਪੂਰਾ ਹੋਣ ਮਗਰੋਂ ਹੀ ਉਸ ਨੂੰ ਘਰ ਭੇਜਿਆ ਜਾਵੇਗਾ। ਮੋਹਿੰਦਰ ਕੌਰ ਨੂੰ ਘਰ ਭੇਜ ਦਿਤਾ ਜਾਵੇਗਾ ਪਰ ਉਨ੍ਹਾਂ ਨੂੰ ਵੀ 14 ਦਿਨਾਂ ਲਈ ਘਰ ਵਿਚ ਅਲੱਗ ਰਹਿਣ ਲਈ ਆਖਿਆ ਗਿਆ ਹੈ।
File photo
ਡਾ . ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ ਇਲਾਜ ਅਧੀਨ ਬਾਕੀ ਮਰੀਜ਼ਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿਚ ਨਹੀਂ। ਜ਼ਿਲ੍ਹਾ ਮੋਹਾਲੀ ਦੇ ਸਾਰੇ ਪੀੜਤਾਂ ਦਾ ਇਲਾਜ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਦੇ 'ਕੋਵਿਡ ਕੇਅਰ ਸੈਂਟਰ' ਵਿਚ ਇਲਾਜ ਚੱਲ ਰਿਹਾ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਵਿਚੋਂ ਨਾ ਨਿਕਲਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈਣ 'ਤੇ ਹੀ ਬਾਹਰ ਜਾਣ। ਉਨ੍ਹਾਂ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਨਾ ਜਾਇਆ ਜਾਵੇ।
ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 'ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਅਤੇ ਮਾਸਕ ਪਾਉਣ ਲਈ ਵੀ ਆਖਿਆ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।