
ਸਿੱਧੀ ਬਿਜਾਈ 15 ਮਈ ਤੋਂ 31 ਮਈ ਤਕ, ਦੋ ਪੜਾਵਾਂ ਤਹਿਤ ਹੋਵੇਗੀ ਝੋਨੇ ਦੀ ਰਵਾਇਤੀ ਬਿਜਾਈ
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਸਮੇਤ ਰਵਾਇਤੀ ਬਿਜਾਈ ਦੀਆਂ ਤਰੀਕਾਂ ਜਾਰੀ ਕਰ ਦਿਤੀਆਂ ਗਈਆਂ ਹਨ। ਸੂਬੇ ਅੰਦਰ ਝੋਨੇ ਦੀ ਰਵਾਇਤੀ ਬਿਜਾਈ ਦੋ ਪੜਾਵਾਂ ’ਚ ਹੋਵੇਗੀ ਅਤੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿਤੀ ਜਾਵੇਗੀ।
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਾਰੀ ਚਿੱਠੀ ਅਨੁਸਾਰ ਪੂਰੇ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ (DSR) ਸਿਸਟਮ ਰਾਹੀਂ 15 ਮਈ ਤੋਂ ਸ਼ੁਰੂ ਹੋਵੇਗੀ ਅਤੇ 31 ਮਈ ਤਕ ਜਾਰੀ ਰਹੇਗੀ। ਇਸ ਬਜਾਈ ਲਈ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਵੀ 15 ਮਈ ਤੋਂ ਸ਼ੁਰੂ ਹੋ ਜਾਵੇਗੀ। ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਾਈ ਭਲਾਈ ਵਿਭਾਗ ਕੇ.ਏ.ਪੀ. ਸਿਨਹਾ ਵਲੋਂ ਇਹ ਚਿੱਠੀ ਜਾਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਰਵਾਇਤੀ ਬਿਜਾਈ ਰਾਹੀਂ ਝੋਨਾ ਬੀਜਣ ਵਾਲੇ ਕਿਸਾਨਾਂ ਲਈ ਇਸ ਵਾਰ ਦੋ ਪੜਾਵਾਂ ਰਾਹੀਂ ਬਿਜਾਈ ਸ਼ੁਰੂ ਹੋਵੇਗੀ। ਪਿਛਲੇ ਸਾਲਾਂ ਦੌਰਾਨ ਇਹ ਚਾਰ ਪੜਾਵਾਂ ਤਹਿਤ ਹੁੰਦੀ ਸੀ। ਪਹਿਲਾ ਪੜਾਅ 11 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਇਸ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ ਅਤੇ ਫਿਰੋਜ਼ਪੁਰ ਤੋਂ ਇਲਾਵਾ ਕੌਮਾਂਤਰੀ ਸਰਹੱਦ ਦੇ ਨਾਲ ਕੰਡਿਆਲੀ ਤਾਰ ਤੋਂ ਪਾਰ ਵਾਲੇ ਇਲਾਕੇ ਆਉਣਗੇ। ਇਨ੍ਹਾਂ ਜ਼ਿਲ੍ਹਿਆਂ ਅੰਦਰ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਦੇ ਨਾਲ ਨਾਲ ਨਹਿਰੀ ਪਾਣੀ ਵੀ ਉਪਲੱਬਧ ਹੋਵੇਗਾ।
ਇਸ ਦੇ ਨਾਲ ਹੀ ਸੂਬੇ ਦੇ ਬਾਕੀ ਬਚਦੇ ਜ਼ਿਲ੍ਹਿਆਂ ’ਚ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਇਨ੍ਹਾਂ ਜਿਲ੍ਹਿਆਂ ’ਚ ਜ਼ਿਲ੍ਹਾ ਮੋਗਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ੍ਹ ਸ਼ਾਮਲ ਹੋਣਗੇ। ਇਨ੍ਹਾਂ ’ਚ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇ ਨਾਲ ਨਾਲ ਨਹਿਰੀ ਪਾਣੀ ਵੀ ਹਾਸਲ ਹੋਵੇਗਾ।