
ਕਿਹਾ-''ਅਸੀਂ ਪਾਕਿਸਤਾਨ 'ਤੇ ਵਿਸ਼ਵਾਸ਼ ਨਹੀਂ ਕਰ ਸਕਦੇ'', ''ਸਾਡੀ ਸਰਹੱਦਾਂ 'ਤੇ ਉਸੇ ਤਰ੍ਹਾਂ ਤਿਆਰੀ ਰਹੇਗੀ''
ਨੰਗਲ ਡੈਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜੇਕਰ ਬੀਬੀਐਮਬੀ ਦੇ ਅਧਿਕਾਰੀ ਭਵਿੱਖ ਵਿਚ ਇਥੇ ਆ ਕੇ ਧੱਕੇ ਨਾਲ ਪਾਣੀ ਛੱਡਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਕਿਸੇ ਤਰ੍ਹਾਂ ਦੇ ਨੁਕਸਾਨ ਲਈ ਖ਼ੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਥੋਂ ਦੇ ਹਾਲਾਤ ਵਿਗੜਦੇ ਹਨ ਤਾਂ ਬੀਬੀਐਮਬੀ ਦੇ ਅਧਿਕਾਰੀ ਤੇ ਭਾਜਪਾ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਫ਼ਾਲਤੂ ਪਾਣੀ ਨਹੀਂ ਹੈ, ਇਸ ਲਈ ਕਿਸੇ ਨੂੰ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਪਹਿਲਾਂ ਪਾਣੀ ਦੇ ਚੱਕਰ ਵਿਚ ਬੀਬੀਐਮਬੀ ਦੇ ਅਧਿਕਾਰੀ 21 ਮਈ ਨੂੰ ਵੰਡੇ ਜਾਣ ਵਾਲੇ ਪਾਣੀ ਸਬੰਧੀ ਮੀਟਿੰਗ ਬੁਲਾਉਣੀ ਹੀ ਭੁਲ ਗਏ ਹਨ। ਜਦਕਿ
ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਯਾਦ ਕਰਵਾਇਆ ਹੈ। ਕਿਸਾਨਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਿਸੇ ਇਕ ਕਿਸਾਨ ਦਾ ਪਾਣੀ ਬਚਾਉਣ ਨੂੰ ਲੈ ਕੇ ਬਿਆਨ ਨਹੀਂ ਆਇਆ। ਕੀ ਗੱਲ ਇਕੱਲੇ ਧਰਨੇ ਹੀ ਲਾਉਣੇ ਆਉਂਦੇ।ਇਥੇ ਆ ਕੇ ਧਰਨਾ ਲਗਾਓ। ਇਥੇ ਨਹੀਂ ਉਹ ਧਰਨਾ ਲਗਾ ਸਕਦੇ ਕਿਉਂਕਿ ਇਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਹਨ। ਕੋਈ ਨਹੀਂ ਅਸੀਂ ਇਕੱਲੇ ਲੜ ਲਵਾਂਗੇ।
ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪਾਕਿਸਤਾਨ 'ਤੇ ਵਿਸ਼ਵਾਸ਼ ਨਹੀਂ ਹੈ ਕਿ ਉਹ ਕਿੰਨਾ ਸਮਾਂ ਜੰਗਬੰਦੀ ਦੇ ਫ਼ੈਸਲੇ 'ਤੇ ਕਾਇਮ ਰਹੇਗਾ। ਇਸ ਲਈ ਪੰਜਾਬ ਵਿਚ ਬਲੈਕਆਊਟ ਤੇ ਮੌਕ ਡਰਿੱਲਾਂ ਜਾਰੀ ਰਹਿਣਗੀਆਂ। ਇਸ ਨਾਲ ਸਰਹੱਦ ਤੇ ਸਥਿਤੀ ਇੰਨ-ਬਿੰਨ ਬਣੀ ਰਹੇਗੀ। ਮੌਜੂਦਾ ਸਥਿਤੀ ਵਿਚ ਕੇਂਦਰ ਤੋਂ ਕਿਸੇ ਵਿਸ਼ੇਸ਼ ਪੈਕਜ ਦੀ ਮੰਗ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੇਂਦਰ ਤੋਂ ਕੋਈ ਵਿਸ਼ੇਸ਼ ਨਹੀਂ ਮੰਗ ਰਹੇ ਬਲਕਿ ਦੇਸ਼ ਹਿੱਤ ਲਈ ਅਸੀਂ ਫ਼ੌਜ ਦੇ ਨਾਲ ਖੜ੍ਹੇ ਹਾਂ। ਪਿਛਲੇ ਦਿਨੀਂ ਫ਼ੌਜ ਨੇ ਰਾਜਸਥਾਨ ਤੋਂ ਪਾਣੀ ਮੰਗਿਆ ਸੀ ਤੇ ਰਾਜਸਥਾਨ ਨੇ ਉਹੀ ਮੰਗ ਸਾਡੇ ਅੱਗੇ ਰੱਖੀ ਤਾਂ ਅਸੀਂ ਉਸੇ ਵੇਲੇ ਵਾਧੂ ਪਾਣੀ ਰਾਜਸਥਾਨ ਨੂੰ ਛੱਡ ਦਿੱਤਾ ਕਿਉਂਕਿ ਗੰਗਾਨਗਰ ਤੇ ਬੀਕਾਨੇਰ ਵਿਚ ਤਾਇਨਾਤ ਫ਼ੌਜ ਨੂੰ ਪਾਣੀ ਦੀ ਲੋੜ ਸੀ।