
ਅੱਖ ਝਪਕਦੇ ਹੀ ਬੈਂਕ ’ਚੋ 1.19 ਕਰੋੜ ਲੁੱਟ ਕੇ ਲੈ ਗਏ ਲੁਟੇਰੇ
ਹਾਜੀਪੁਰ (ਬਿਹਾਰ), 10 ਜੂਨ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾ ਬਿ੍ਰਜ ਥਾਣਾ ਖੇਤਰ ਦੇ ਜਰੂਆ ਬਾਜ਼ਾਰ ਸਥਿਤ ਐੱਚ. ਡੀ. ਐੱਫ਼. ਸੀ. ਬੈਂਕ ਦੀ ਇਕ ਸ਼ਾਖਾ ਤੋਂ ਵੀਰਵਾਰ ਨੂੰ ਹਥਿਆਰਬੰਦ ਲੁਟੇਰਿਆਂ ਨੇ 1.19 ਕਰੋੜ ਰੁਪਏ ਦੀ ਲੁੱਟ ਨੂੰ ਅੰਜ਼ਾਮ ਦਿਤਾ। ਬੈਂਕ ਖੁਲ੍ਹਦੇ ਹੀ ਦਾਖ਼ਲ ਹੋਏ ਲੁਟੇਰਿਆਂ ਨੇ ਪਲਕ ਝਪਕਦੇ ਹੀ ਉੱਥੇ ਮੌਜੂਦ ਹਰ ਸ਼ਖਸ ਨੂੰ ਬੰਧਕ ਬਣਾ ਲਿਆ ਅਤੇ 1.19 ਕਰੋੜ ਰੁਪਏ ਬੋਰਿਆਂ ’ਚ ਭਰ ਕੇ ਫਰਾਰ ਹੋ ਗਏ। ਉਧਰ ਵੈਸ਼ਾਲੀ ਜ਼ਿਲ੍ਹਾ ਹੈੱਡਕੁਆਰਟਰ ਹਾਜ਼ੀਪੁਰ ਸਦਰ ਡਵੀਜ਼ਨ ਪੁਲਿਸ ਅਹੁਦਾ ਅਧਿਕਾਰੀ ਰਾਘਵ ਦਿਆਲ ਨੇ ਦਸਿਆ ਕਿ ਬਾਈਕ ਸਵਾਰ 4 ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿਤਾ। ਉਨ੍ਹਾਂ ਦਸਿਆ ਕਿ ਬੈਂਕ ਖੁਲ੍ਹਣ ’ਤੇ ਅੱਜ ਸਵੇਰੇ 10.20 ਵਜੇ ਇਨ੍ਹਾਂ ਬਦਮਾਸ਼ਾਂ ਨੇ ਬੈਂਕ ਸ਼ਾਖਾ ’ਚ ਦਾਖ਼ਲ ਹੋਏ ਅਤੇ ਹਥਿਆਰਾਂ ਦੇ ਜ਼ੋਰ ’ਤੇ ਬੈਂਕ ਕਾਮਿਆਂ ਨੂੰ ਬੰਧਕ ਬਣਾ ਕੇ ਉਕਤ ਰਾਸ਼ੀ ਲੁੱਟਣ ਤੋਂ ਬਾਅਦ ਫਰਾਰ ਹੋ ਗਏ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼ਹਿਰ ਵਿਚ ਹਲਚਲ ਮਚ ਗਈ। ਪੁਲਿਸ ਨੇ ਨਾਕਾਬੰਦੀ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। (ਪੀਟੀਆਈ)