ਲਹਿੰਬਰ ਦੇ ਪਰਵਾਰ ਦਾ ਝਗੜਾ ਕਚਹਿਰੀ ’ਚ ਚਲਾ ਜਾਂਦਾ ਤਾਂ ਪਰਵਾਰ ਦਾ ਟੁਟਣਾ ਤੈਅ ਸੀ: ਮਨੀਸ਼ਾ ਗੁਲਾਟੀ
Published : Jun 11, 2021, 9:26 am IST
Updated : Jun 11, 2021, 9:45 am IST
SHARE ARTICLE
Manisha Gulati
Manisha Gulati

ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਵਿਸ਼ੇਸ਼ ਗੱਲਬਾਤ

ਚੰਡੀਗੜ੍ਹ (ਸਪੋਕਸਮੈਨ ਟੀ.ਵੀ.) : ਬੀਤੇ ਦਿਨ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ (Lehmber Hussainpuri) ਦੇ ਪ੍ਰਵਾਰਕ ਝਗੜੇ ਦਾ ਸੋਸ਼ਲ ਮੀਡੀਆ ’ਤੇ ਕਾਫ਼ੀ ਰੌਲਾ ਪਿਆ। ਝਗੜੇ ਨੂੰ ਹੱਲ ਕਰਵਾਉਣ ਵਿਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Manisha Gulati) ਨੇ ਅਹਿਮ ਭੂਮਿਕਾ ਨਿਭਾਈ। ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ (Nimrat Kaur) ਵਲੋਂ ਮੁਨੀਸ਼ਾ ਗੁਲਾਟੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਪੇਸ਼ ਹਨ ਇੰਟਰਵਿਊ ਦੇ ਵਿਸ਼ੇਸ਼ ਅੰਸ਼ :

ਸਵਾਲ : ਹਾਲ ਹੀ ਵਿਚ ਗਾਇਕ ਲਹਿੰਬਰ ਹੁਸੈਨਪੁਰੀ ਦੇ ਪ੍ਰਵਾਰਕ ਝਗੜੇ ਨੂੰ ਤੁਸੀਂ ਸੁਲਝਾਉਣ ਵਿਚ ਕਾਮਯਾਬ ਹੋਏ ਹੋ। ਇਸ ਝਗੜੇ ਨੂੰ ਨਿਪਟਾਉਣ ਵੇਲੇ ਤੁਸੀਂ ਕੀ ਮਹਿਸੂਸ ਕੀਤਾ?

ਜਵਾਬ : ਜਦੋਂ ਇਸ ਪ੍ਰਵਾਰ ਦਾ ਝਗੜਾ ਸੋਸ਼ਲ ਮੀਡੀਆ ’ਤੇ ਆਉਣਾ ਸ਼ੁਰੂ ਹੋਇਆ ਤਾਂ ਹੌਲੀ-ਹੌਲੀ ਇਹ ਮੁੱਦਾ ਗਰਮ ਹੁੰਦਾ ਗਿਆ। ਫਿਰ ਇਸ ਵਿਚ ਪ੍ਰਵਾਰ ਦੇ ਬੱਚਿਆਂ ਦੀ ਸ਼ਮੂਲੀਅਤ ਹੋ ਗਈ। ਪ੍ਰਵਾਰ ਦੀ 14 ਸਾਲ ਦੀ ਬੱਚੀ ਦੀ ਸਟੇਟਮੈਂਟ ਆਉਣ ਤੋਂ ਬਾਅਦ ਸਾਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਲੋੜ ਮਹਿਸੂਸ ਹੋਈ। ਅਸੀਂ ਖ਼ੁਦ ਨੋਟਿਸ ਲੈਂਦਿਆਂ ਪ੍ਰਵਾਰ ਨੂੰ ਗੱਲਬਾਤ ਲਈ ਬੁਲਾਇਆ। ਸਿਹਤ ਸਬੰਧੀ ਸਮੱਸਿਆ ਕਾਰਨ ਉਨ੍ਹਾਂ ਦੀ ਪਤਨੀ ਤਾਂ ਨਾ ਆਈ ਪਰ ਲਹਿੰਬਰ ਆ ਕੇ ਮਿਲਿਆ। ਲਹਿੰਬਰ ਨਾਲ ਗੱਲਬਾਤ ਵਿਚੋਂ ਉਸ ਦੇ ਚੰਗਾ ਇਨਸਾਨ ਹੋਣ ਦੀ ਝਲਕ ਪਈ।

Nimrat KaurNimrat Kaur

ਸਵਾਲ :  ਜਿਵੇਂ ਸੋਸ਼ਲ ਮੀਡੀਆ ਵਿਚ ਲਹਿੰਬਰ ਦੀ ਸ਼ਖ਼ਸੀਅਤ ਬਾਰੇ ਨਾਂਹਪੱਖੀ ਗੱਲਾਂ ਉਭਰ ਕੇ ਸਾਹਮਣੇ ਆਈਆਂ, ਕੀ ਉਹ ਸੱਭ ਸਹੀ ਨਹੀਂ ਸੀ?

ਜਵਾਬ : ਉਹ ਜਿਸ ਤਣਾਅ ਨਾਲ ਜੂਝ ਰਿਹਾ ਸੀ, ਉਸ ਹਾਲਤ ਵਿਚ ਕੋਈ ਵੀ ਇਨਸਾਨ ਬੇਤੁਕਾ ਵਿਵਹਾਰ ਕਰ ਸਕਦਾ ਸੀ ਪਰ ਉਸ ਨੇ ਪਹਿਲੀ ਮਿਲਣੀ ਦੌਰਾਨ ਹੀ ਅਜਿਹੀ ਛਾਪ ਛੱਡੀ ਜਿਸ ਤੋਂ ਪ੍ਰਭਾਵਤ ਹੋਏ ਬਿਨਾਂ ਅਸੀਂ ਰਹਿ ਨਾ ਸਕੇ। ਸਾਨੂੰ ਮਹਿਸੂਸ ਹੋਇਆ ਕਿ ਪ੍ਰਵਾਰ ਨੂੰ ਰੋਕਣਾ-ਟੋਕਣਾ ਅਤੇ ਦਖ਼ਲ ਦੇਣਾ ਉਸ ਦਾ ਹੱਕ ਹੈ। ਪਰ ਦੂਜੀ ਮਿਲਣੀ ਦੌਰਾਨ ਜਿਥੇ ਉਹ ਗ਼ਲਤ ਸੀ, ਉਸ ਨੇ ਅਪਣੀ ਪਤਨੀ ਦੇ ਸਾਹਮਣੇ ਅਪਣੀ ਗ਼ਲਤੀ ਨੂੰ ਸਵੀਕਾਰ ਵੀ ਕੀਤਾ। ਉਸ ਨੇ ਹੱਥ ਚੁੱਕਣ ਦੀ ਗ਼ਲਤੀ ਵੀ ਕਬੂਲ ਕਰ ਲਈ ਅਤੇ ਇਹ ਵੀ ਦਸ ਦਿਤਾ ਕਿ ਕਿੰਨੀ ਵਾਰੀ ਹੱਥ ਚੁਕਿਆ ਹੈ ਅਤੇ ਉਸ ਦਾ ਕਾਰਨ ਵੀ ਦਸਿਆ। ਉਸ ਦੀ ਪਤਨੀ ਨੇ ਵੀ ਅਪਣੀਆਂ ਕੁੱਝ ਨਿਜੀ ਗੱਲਾਂ ਮੇਰੇ ਨਾਲ ਵਖਰੇ ਤੌਰ ’ਤੇ ਸਾਂਝੀਆਂ ਕੀਤੀਆਂ।

ਸੱਭ ਤੋਂ ਵੱਡੀ ਗੱਲ ਲਬਿੰਹਰ ਨੇ ਪਹਿਲੀ ਮਿਲਣੀ ਦੌਰਾਨ ਅਪਣੀ ਪਤਨੀ ਅਤੇ ਬੱਚਿਆਂ ਬਾਰੇ ਕੋਈ ਗ਼ਲਤ ਬਿਆਨੀ ਜਾਂ ਭੜਕਾਊ ਟਿਪਣੀ ਨਾ ਕੀਤੀ ਸਗੋਂ ਉਸ ਨੇ ਰੌਂਦੇ ਹੋਏ ਅਪਣੇ ਪਿਛੋਕੜ ਅਤੇ ਗ਼ਰੀਬੀ ਦੇ ਦਿਨਾਂ ਦਾ ਬਿਰਤਾਂਤ ਸਾਂਝਾ ਕੀਤਾ ਕਿ ਕਿਵੇਂ ਉਹ ਗ਼ਰੀਬੀ ਵਿਚੋਂ ਉਠ ਕੇ ਸਖ਼ਤ ਮਿਹਨਤ ਕਰ ਕੇ ਇਥੋਂ ਤਕ ਪਹੁੰਚ ਸਕਿਆ ਹੈ। ਮੈਨੂੰ ਉਨ੍ਹਾਂ ਵਿਚ ਇਕ ਚੰਗੇ ਪਤੀ ਵਾਲੀ ਚੰਗਿਆਈ ਨਜ਼ਰ ਆਈ। ਨਾਲ ਸਾਡੇ ਭਾਰਤੀ ਪ੍ਰਵਾਰਾਂ ਵਿਚ ਛੋਟੇ-ਮੋਟੇ ਝਗੜੇ ਤਾਂ ਚਲਦੇ ਹੀ ਰਹਿੰਦੇ ਹਨ, ਜਿਨ੍ਹਾਂ ਨਾਲ ਨਜਿੱਠਣ ਦਾ ਢੰਗ ਆਉਣਾ ਚਾਹੀਦਾ ਹੈ। 

ਸਵਾਲ : ਇਹ ਦਿੱਕਤ ਆਮ ਹੀ ਸਾਹਮਣੇ ਆਉਂਦੀ ਹੈ ਕਿ ਆਦਮੀ ਨੂੰ ਮਾੜਾ ਕਿਹਾ ਜਾਂਦਾ ਹੈ ਜਦਕਿ ਕੁੜੀ ਨੂੰ ਹਮੇਸ਼ਾ ਅਬਲਾ ਦਾ ਦਰਜਾ ਦਿਤਾ ਜਾਂਦਾ ਹੈ। ਪਰ ਕੁੜੀਆਂ ਦਾ ਜਿਹੜਾ ਰਿਸ਼ਤਾ ਮਾਂ ਨਾਲ ਹੁੰਦਾ ਹੈ, ਉਹ ਟੁਟਦਾ ਨਹੀਂ, ਇਹ ਟੁੱਟ ਵੀ ਸਕਦਾ, ਪਰ ਇਹ ਇਕ ਜੋੜੇ ਦੇ ਸਬੰਧਾਂ ਵਿਚ ਦਖ਼ਲ-ਅੰਦਾਜ਼ੀ ਜ਼ਰੂਰ ਕਰ ਰਿਹਾ ਹੁੰਦਾ ਹੈ।

ਜਵਾਬ : ਵੇਖੋ, ਅਜੋਕੇ ਮਾਪਿਆਂ ਲਈ ਇਹ ਇਕ ਬੜਾ ਵੱਡਾ ਸਵਾਲ ਹੈ ਜੋ ਰਿਸ਼ਤੇ ਤੋੜ ਰਿਹਾ ਹੈ। ਕੁੜੀਆਂ ਦਾ ਮਾਂ ਨਾਲ ਰਿਸ਼ਤਾ ਦੁਨੀਆਂ ਦੀ ਕੋਈ ਵੀ ਤਾਕਤ ਤੋੜ ਨਹੀਂ ਸਕਦੀ ਅਤੇ ਇਹ ਟੁੱਟਣਾ ਵੀ ਨਹੀਂ ਚਾਹੀਦਾ, ਪਰ ਵਿਆਹ ਤੋਂ ਬਾਅਦ ਹਾਲਾਤ ਬਦਲ ਜਾਂਦੇ ਹਨ। ਤੁਸੀਂ ਖ਼ੁਦ ਮਾਂ ਬਣ ਜਾਂਦੇ ਹੋ। ਹੁਣ ਤੁਹਾਡੇ ਬੱਚੇ, ਤੁਹਾਡਾ ਪਤੀ ਤੁਹਾਡੇ ਲਈ ਜ਼ਿਆਦਾ ਅਹਿਮੀਅਤ ਰਖਦੇ ਹਨ, ਜਦਕਿ ਮਾਂ ਦੂਜੇ ਜਾਂ ਤੀਜੇ ਸਥਾਨ ’ਤੇ ਚਲੀ ਜਾਂਦੀ ਹੈ। ਇਸ ਸੱਚਾਈ ਨੂੰ ਸਮਝਣ ਦੀ ਲੋੜ ਹੁੰਦੀ ਹੈ। ਸੋ ਅੱਜ ਦੀਆਂ ਲੜਕੀਆਂ ਨੂੰ ਰਿਸ਼ਤਿਆਂ ਵਿਚ ਬਰਾਬਰੀ ਬਣਾ ਕੇ ਰਖਣੀ ਆਉਣੀ ਚਾਹੀਦੀ ਹੈ।  

Manisha GulatiManisha Gulati

ਸਵਾਲ :  ਜਿਵੇਂ ਤੁਸੀਂ ਕਿਹਾ, ਲਹਿੰਬਰ ਨੇ ਹੱਥ ਚੁਕਣਾ ਕਬੂਲ ਕੀਤਾ। ਹੁਣ ਸਾਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਕਿਸੇ ਨੂੰ ਪਤੀ ਦੇ ਮਾੜਾ ਹੋਣ ਦਾ ਪਤਾ ਨਹੀਂ ਚਲਣਾ ਚਾਹੀਦਾ, ਘਰ ਵਿਚ ਸੱਭ ਠੀਕ ਹੈ, ਦਾ ਦਿਖਾਵਾ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਕਿਸੇ ਦਾ ਪਤੀ ਹੱਥ ਚੁਕਦਾ ਹੈ ਤਾਂ ਹੋ ਸਕਦੈ, ਧੀ ਮਾਂ ਕੋਲ ਅਪਣਾ ਦਰਦ ਹੀ ਬਿਆਨ ਕਰ ਰਹੀ ਹੋਵੇ?

ਜਵਾਬ : ਬਿਲਕੁਲ, ਲੜਕੀਆਂ ਦਾ ਅਪਣੇ ਮਾਪਿਆਂ ਨਾਲ ਇਕ ਅਟੁੱਟ ਬੰਧਨ ਹੁੰਦਾ ਹੈ, ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਤੋੜ ਨਹੀਂ ਸਕਦੀ। ਮੈਂ ਤਾਂ ਕਹਿੰਦੀ ਹਾਂ ਕਿ ਸਫ਼ਲ ਵਿਆਹੁਤਾ ਜੀਵਨ ਦਾ ਰਾਜ਼ ਹੀ ਇਸ ਵਿਚ ਹੈ ਕਿ ਪਤੀ ਨੂੰ ਪਤਨੀ ਦੇ ਸਾਹਮਣੇ ਕਦੇ ਵੀ ਉਸ ਦੇ ਮਾਪਿਆਂ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਤੁਸੀਂ ਅਪਣੇ ਮਾਪਿਆਂ ਬਾਰੇ ਖ਼ੁਦ ਜੋ ਮਰਜ਼ੀ ਕਹਿ ਲਵੋ ਪਰ ਪਤੀ ਮੂੰਹੋਂ ਬੁਰਾਈ ਨਹੀਂ ਸੁਣ ਸਕਦੇ। ਮੈਂ ਲਹਿੰਬਰ ਨੂੰ ਪਤਨੀ ’ਤੇ ਹੱਥ ਚੁਕਣ ਬਾਰੇ ਪੁਛਿਆ, ਉਸ ਨੇ ਸੱਚ ਕਬੂਲ ਕਰ ਲਿਆ। ਜਿਵੇਂ ਆਮ ਕਿਹਾ ਜਾਂਦੈ ਕਿ ਚੋਰ ਚੋਰੀ ਕਰ ਕੇ ਨਹੀਂ ਮੰਨਦਾ, ਪਰ ਲਹਿੰਬਰ ਦੀ ਇਹ ਵਡਿਆਈ ਹੈ, ਉਸ ਨੇ ਕੀਤੀ ਗ਼ਲਤੀ ਨੂੰ ਕਬੂਲ ਕੀਤਾ। ਮੈਂ ਉਸ ਨੂੰ ਸਮਝਾਇਆ ਕਿ ਅੱਜ ਤੁਸੀਂ ਅਪਣੀ ਪਤਨੀ ’ਤੇ ਹੱਥ ਚੁਕ ਰਹੇ ਹੋ, ਇਸ ਦਾ ਤੁਹਾਡੀ 14 ਸਾਲ ਦੀ ਧੀ ਦੀ ਮਾਨਸਿਕਤਾ ’ਤੇ ਕੀ ਅਸਰ ਹੋਵੇਗਾ, ਸ਼ਾਇਦ ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾਇਆ ਹੋਵੇਗਾ। ਉਸ ਦੇ ਕੋਮਲ ਮੰਨ ਵਿਚ ਤਾਂ ਇਹੀ ਆਵੇਗਾ ਕਿ ਇਹ ਹੀ ਵਿਆਹ ਹੈ ਅਤੇ ਵਿਆਹ ਤੋਂ ਬਾਅਦ ਇਸੇ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ। 

ਸਵਾਲ : ਲਹਿੰਬਰ ਵਲੋਂ ਪਤਨੀ ਦੀ ਕੁੱਟਮਾਰ ਪਹਿਲੀ ਵਾਰ ਹੋਈ ਜਾਂ ਪਹਿਲਾਂ ਵੀ ਅਜਿਹਾ ਹੁੰਦਾ ਆਇਆ ਸੀ?

ਜਵਾਬ : ਪਤਨੀ ਦਾ ਕਹਿਣਾ ਸੀ ਕਿ ਅਜਿਹਾ ਹੁੰਦਾ ਰਹਿੰਦਾ ਸੀ, ਜਦਕਿ ਲਹਿੰਬਰ ਦਾ ਪੱਖ ਸੀ ਕਿ ਸਾਡੇ ਕੰਮ ਵਿਚ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੈ। ਜਦੋਂ ਵੀ ਮੈਂ ਕੰਮ ਦੇ ਸਿਲਸਿਲੇ ਵਿਚ ਬਾਹਰ ਜਾਂਦਾ ਹਾਂ ਤਾਂ ਵਾਰ-ਵਾਰ ਫ਼ੋਨ ਕਰੀ ਜਾਣਾ ਜਾਂ ਸ਼ੱਕ ਕਰੀ ਜਾਣਾ ਰਿਸ਼ਤੇ ਵਿਗਾੜ ਰਿਹਾ ਸੀ। ਗੱਲ ਕੀ, ਉਨ੍ਹਾਂ ਵਿਚਕਾਰ ਪਾਣੀ ਵਿਚ ਮਧਾਣੀ ਪਾਉਣ ਵਰਗੀਆਂ ਗ਼ਲਤ-ਫ਼ਹਿਮੀਆਂ ਸਨ, ਜਿਨ੍ਹਾਂ ਨੂੰ ਢਾਈ ਘੰਟੇ ਦੀ ਕੌਂਸਲਿੰਗ ਬਾਅਦ ਸੁਲਝਾਉਣ ਵਿਚ ਅਸੀਂ ਕਾਮਯਾਬ ਰਹੇ। ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਇਹ ਮਾਮਲਾ ਅਦਾਲਤ ਜਾਂ ਥਾਣੇ ਗਿਆ ਹੁੰਦਾ ਤਾਂ ਇਸ ਪ੍ਰਵਾਰ ਦਾ ਟੁਟਣਾ ਲਗਭਗ ਤੈਅ ਸੀ। ਕਿਉਂਕਿ ਸਾਡੀ ਪੁਲਿਸ ਦੇ ਕੰਮ ਕਰਨ ਦਾ ਢੰਗ ਕੁੱਝ ਅਲੱਗ ਹੈ, ਉਹ ਕੌਂਸਲਿੰਗ ਜ਼ਰੀਏ ਸਮਝਾ-ਬੁਝਾ ਕੇ ਮਸਲਾ ਹੱਲ ਨਹੀਂ ਕਰਦੇ।

ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਇਹ ਸੱਭ ਤੁਸੀਂ ਹੀ ਕਰ ਲਿਆ ਵਰਨਾ ਕਹਾਣੀ ਵਿਗੜ ਜਾਣੀ ਸੀ। ਇਸ ਵਿਚ ਪੁਲਿਸ ਦਾ ਵੀ ਕੋਈ ਕਸੂਰ ਨਹੀਂ, ਕਿਉਂਕਿ ਕੌਂਸਲਿੰਗ ਨਾਲ ਮਸਲੇ ਹੱਲ ਕਰਨਾ ਉਨ੍ਹਾਂ ਦੀ ਟਰੇਨਿੰਗ ਦਾ ਹਿੱਸਾ ਨਹੀਂ ਹੁੰਦਾ, ਭਾਵੇਂ ਅਸੀਂ ਪੁਲਿਸ ਪ੍ਰਸ਼ਾਸਨ ਵਿਚ ਕੌਂਸਲਿੰਗ ਸਬੰਧੀ ਕਈ ਵਾਰ ਸੁਝਾਅ ਦੇ ਚੁੱਕੇ ਹਾਂ। 

Manisha GulatiManisha Gulati

ਸਵਾਲ : ਇਹ ਆਮ ਕਿਹਾ ਜਾਂਦਾ ਹੈ ਕਿ ਮਰਦ ਚੰਗੇ ਨਹੀਂ ਹੁੰਦੇ, ਸਮੱਸਿਆ ਇਹ ਵੀ ਹੁੰਦੀ ਹੈ ਕਿ ਮਰਦ ਗੱਲ ਕਰਨ ਦੀ ਥਾਂ ਸਿੱਧਾ ਹੱਥ ਚੁੱਕਣ ਨੂੰ ਤਰਜੀਹ ਦਿੰਦੇ ਹਨ।

ਜਵਾਬ : ਇਹ ਇਕ ਨਿਰੋਲ ਮਿੱਥ ਹੈ ਕਿ ਮਰਦ ਜਜ਼ਬਾਤੀ ਨਹੀਂ ਹੁੰਦੇ, ਪਰ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜਜ਼ਬਾਤੀ ਹੋਣ ਪੱਖੋਂ ਔਰਤ-ਮਰਦ ਵਿਚਾਲੇ ਰਤੀ ਭਰ ਵੀ ਫ਼ਰਕ ਨਹੀਂ ਹੁੰਦਾ। ਹਰ 10 ਵਿਚੋਂ 3 ਫ਼ੀ ਸਦੀ ਮਰਦ ਸਹੀ ਹੁੰਦੇ ਹਨ, ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਨਾ ਥਾਣਿਆਂ ਵਿਚ ਅਤੇ ਨਾ ਅਦਾਲਤਾਂ ਵਿਚ। ਕਮਿਸ਼ਨ ਦਾ ਹਿੱਸਾ ਬਣ ਕੇ ਮੈਨੂੰ ਕਈ ਅਜਿਹੇ ਕੇਸਾਂ ਨਾਲ ਨਜਿੱਠਣਾ ਪਿਆ ਜਿਨ੍ਹਾਂ ਨੇ ਮੈਨੂੰ ਨਿਜੀ ਤੌਰ ’ਤੇ ਅੰਦਰ ਤਕ ਹਿਲਾ ਕੇ ਰੱਖ ਦਿਤਾ। ਇਕ ਲੜਕੀ ਦੇ ਪਿਤਾ ਨੇ ਸਾਡੇ ਕੋਲ ਪੇਸ਼ੀ ਭੁਗਤਣ ਬਾਅਦ ਖ਼ੁਦਕੁਸ਼ੀ ਕਰ ਲਈ ਕਿਉਂਕਿ ਲੜਕੀ ਨੇ ਉਨ੍ਹਾਂ ਨੂੰ ਇੰਨਾ ਸ਼ਰਮਿੰਦਾ ਕਰ ਦਿਤਾ ਸੀ। ਇਕ ਲੜਕੀ ਨੇ ਅਪਣੇ ਸਕੇ ਅੰਮਿ੍ਰਤਧਾਰੀ ਪਿਤਾ ’ਤੇ ਜਬਰ ਜਨਾਹ ਦਾ ਇਲਜ਼ਾਮ ਲਾ ਦਿਤਾ। ਜਦੋਂ ਡੂੰਘਾਈ ਨਾਲ ਜਾਂਚ ਹੋਈ ਤਾਂ ਮਾਮਲਾ ਹੋਰ ਹੀ ਨਿਕਲਿਆ।  

ਸਵਾਲ : ਲਹਿੰਬਰ ਦੇ ਮਾਮਲੇ ਵਿਚ ਪ੍ਰਵਾਰਕ ਦਖ਼ਲਅੰਦਾਜ਼ੀ ਵੀ ਸੀ?
ਜਵਾਬ : ਹਾਂ, ਅਸੀਂ ਪ੍ਰਵਾਰਕ ਦਖ਼ਲਅੰਦਾਜ਼ੀ ’ਤੇ ਰੋਕ ਲਗਾ ਦਿਤੀ ਹੈ। ਉਸ ਦੀ ਸਾਲੀ ਅਤੇ ਉਸ ਦੇ ਪਤੀ ਦਾ ਲਹਿੰਬਰ ਦੇ ਘਰ ਅੰਦਰ ਦਾਖ਼ਲਾ ਬੰਦ ਕਰ ਦਿਤਾ ਹੈ। ਜੇਕਰ ਉਹ ਨਹੀਂ ਰੁਕਦੇ ਤਾਂ ਉਨ੍ਹਾਂ ਦਾ ਕਾਨੂੰਨੀ ਆਰਡਰ ਰਾਹੀਂ ਦਾਖ਼ਲਾ ਪੱਕੇ ਤੌਰ ’ਤੇ ਬੰਦ ਕਰ ਦਿਤਾ ਜਾਵੇਗਾ।

ਸਵਾਲ : ਅਸੀਂ ਤੁਹਾਡੀ ਗੱਲ ਸੁਣੀ। ਤੁਸੀਂ ਕਿਹਾ ਸੀ ਕਿ ‘ਮੈਨ ਕਮਿਸ਼ਨ’ ਵੀ ਹੋਣਾ ਚਾਹੀਦਾ ਹੈ। ਇਹ ਸੱਚੀ ਆਵੇਗਾ ਜਾਂ ਕਿਉਂ ਨਾ ਫੈਮਿਲੀ ਕਮਿਸ਼ਨ ਹੀ ਬਣਾ ਦਿਤਾ ਜਾਵੇ?

ਜਵਾਬ : ਇਕ ਪਾਸੇ ਅਸੀਂ ਨਾਰੀਵਾਦ ਦੀ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਅਸੀਂ ਬਰਾਬਰ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਲਚੀਲਾ ਹੈ ਪਰ ਕਾਨੂੰਨ ਅੰਨ੍ਹਾ ਨਹੀਂ ਹੈ। ਸਾਲਾਂ ਤਕ ਇਨਸਾਨ ਧੱਕੇ ਖਾਂਦਾ ਹੈ ਪਰ ਉਸ ਨੂੰ ਇਨਸਾਫ਼ ਹੀ ਨਹੀਂ ਮਿਲਦਾ। ਇਸ ਲਈ ਸੰਵਿਧਾਨ ਵਿਚ ਕੋਈ ਸਖ਼ਤ ਸੋਧ ਕਰਨ ਦੀ ਲੋੜ ਹੈ, ਜੋ ਕਿ ਸਿਰਫ਼ ਪ੍ਰਧਾਨ ਮੰਤਰੀ ਹੀ ਕਰਵਾ ਸਕਦੇ ਹਨ। ਅੱਜ ਦੇ ਸਮੇਂ ਨੂੰ ਵੇਖੀਏ ਤਾਂ 10 ਵਿਚੋਂ 4 ਵਿਅਕਤੀ ਜੋ ਸਹੀ ਨੇ ਉਨ੍ਹਾਂ ਦੇ ਪਿੱਛੇ ਇਕ ਮਾਂ ਜਾਂ ਭੈਣ ਦਾ ਦਰਦ ਹੁੰਦਾ ਹੈ।

ਇਹ ਹੋਣਾ ਬਹੁਤ ਜ਼ਰੂਰੀ ਹੈ, ਪ੍ਰਵਾਰਕ ਮਸਲੇ ਹੱਲ ਕਰਨ ਲਈ ਫ਼ਾਸਟ ਟਰੈਕ ਅਦਾਲਤਾਂ ਬਣਾਈਆਂ ਜਾਣ। ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੂੰ ਲਿਖਣ ਜਾ ਰਹੇ ਹਾਂ ਕਿ ਉਨ੍ਹਾਂ ਕੋਲ ਜਿੰਨੇ ਵੀ ਪਰਵਾਰਕ ਮਤਭੇਦਾਂ ਦੇ ਮਾਮਲੇ ਹਨ, ਇਨ੍ਹਾਂ ਵਿਚੋਂ ਜਿਹੜੇ ਕੇਸ ਕੌਂਸਲਿੰਗ ਲਈ ਹੇਠਲੇ ਬੈਂਚ ਨੂੰ ਦਿਤੇ ਜਾਂਦੇ ਹਨ, ਉਹ ਮਹਿਲਾ ਕਮਿਸ਼ਨ ਨੂੰ ਵੀ ਭੇਜੇ ਜਾਣ। ਇਸ ਲਈ ਮਹਿਲਾ ਕਮਿਸ਼ਨ ਦੀ ਰੀਪੋਰਟ ਜ਼ਰੂਰ ਮੰਗਵਾਈ ਜਾਣੀ ਚਾਹੀਦੀ ਹੈ। ਇਹ ਹਾਈ ਕੋਰਟ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ। ਇਸ ਨਾਲ ਜਲਦੀ ਇਨਸਾਫ਼ ਮਿਲੇਗਾ। 

Manisha GulatiManisha Gulati

ਸਵਾਲ : ਕਈ ਵਾਰੀ ਰਿਸ਼ਤੇ ਨਹੀਂ ਬਚਾਏ ਜਾ ਸਕਦੇ। ਕਈ ਵਾਰ ਪਤੀ-ਪਤਨੀ ਇਕੱਠੇ ਨਹੀਂ ਰਹਿਣਾ ਚਾਹੁੰਦੇ। ਕੀ ਇਸ ਮਾਮਲੇ ਵਿਚ ਅਦਾਲਤਾਂ ਨੂੰ ਤਲਾਕ ਅਸਾਨੀ ਨਾਲ ਦੇਣਾ ਚਾਹੀਦਾ ਹੈ?
ਜਵਾਬ : ਇਹ 21ਵੀਂ ਸਦੀ ਹੈ। ਪਹਿਲਾਂ ਦੇ ਮਾਪਿਆਂ ਦੀ ਸੋਚ ਹੁੰਦੀ ਸੀ ਕਿ ਕੁੜੀਆਂ ਦੀ ਅਰਥੀ ਸਹੁਰੇ ਘਰੋਂ ਹੀ ਉਠੇਗੀ। ਇਹ ਸਮਾਂ ਹੁਣ ਚਲਾ ਗਿਆ ਹੈ। ਕੁੜੀਆਂ ਅਪਣੇ ਫ਼ੈਸਲੇ ਖ਼ੁਦ ਲੈ ਰਹੀਆਂ ਹਨ। ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਤਾਂ ਇਸ ਲਈ ਤਿਆਰ ਹੋ ਜਾਉ। ਇਸ ਸੱਭ ਵਿਚਕਾਰ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਜ਼ਰੂਰ ਰੱਖੋ। 

ਸਵਾਲ : ਤੁਸੀਂ ਸੋਸ਼ਲ ਮੀਡੀਆ ਨੂੰ ਕੀ ਸੁਝਾਅ ਦਿਉਗੇ?
ਜਵਾਬ : ਮੈਂ ਨਿਰਪੱਖ ਗੱਲ ਕਰਾਂਗੀ। ਸਾਡੇ ਪੰਜਾਬ ਵਿਚ ਕੁੱਝ ਚੈਨਲ ਤਾਂ ਬਹੁਤ ਚੰਗਾ ਕੰਮ ਕਰ ਰਹੇ ਹਨ। ਮੈਨੂੰ ਪਤਾ ਲੱਗਿਆ ਹੈ ਕਿ ਲਹਿੰਬਰ ਵਾਲੇ ਮਾਮਲੇ ਵਿਚ ਵੀ ਕਿਸੇ ਨੇ ਘਰੋਂ ਫ਼ੋਨ ਕਰ ਕੇ ਮੀਡੀਆ ਨੂੰ ਬੁਲਾਇਆ ਸੀ। ਚੈਨਲਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਵਾਨ ਲੜਕੀਆਂ ਨੂੰ ਨਾ ਲੈ ਕੇ ਆਉ। ਕਈ ਥਾਵਾਂ ’ਤੇ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈ। 4-5 ਸਾਲਾਂ ਵਿਚ ਪੰਜਾਬ ਦਾ ਮੀਡੀਆ ਬਹੁਤ ਸੁਚੇਤ ਹੋ ਗਿਆ ਹੈ ਤੇ ਚੰਗੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆ ਰਿਹਾ ਹੈ। ਮੀਡੀਆ ਵਲੋਂ ਸਮੇਂ-ਸਮੇਂ ਵਿਚ ਚੰਗੇ ਕੰਮ ਕਰਨ ਵਾਲਿਆਂ ਨੂੰ ਸਮਰਥਨ ਦਿਤਾ ਜਾਂਦਾ ਹੈ, ਜਿਸ ਤੋਂ ਸਮਾਜ ਨੂੰ ਸੇਧ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement