
ਡਾ: ਸੁਭਾਸ਼ ਸ਼ਰਮਾ ਨੇ ਗਜੇਂਦਰ ਸ਼ੇਖਾਵਤ ਨੂੰ ਕੇਂਦਰ ਸਰਕਾਰ 'ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ
Dr. Subhash Sharma : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਚੁੱਕੇ ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਮੋਦੀ ਸਰਕਾਰ 'ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਲੈ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਡਾ: ਸੁਭਾਸ਼ ਸ਼ਰਮਾ ਨੇ ਗਜੇਂਦਰ ਸਿੰਘ ਸ਼ੇਖਾਵਤ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੀ ਬਹੁਤ ਵੱਡੀ ਵਿਰਾਸਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਈ ਹੈ। ਖਾਲਸੇ ਦੀ ਸਿਰਜਣਾ ਧਰਤੀ ਸ਼੍ਰੀ ਅਨੰਦਪੁਰ ਸਾਹਿਬ ,ਬੰਦਾ ਬਹਾਦਰ ਦੀ ਬਹਾਦਰੀ ਦੀ ਯਾਦਗਾਰ ਚੱਪੜਚਿੜੀ, ਭਗਤ ਸਿੰਘ ਦਾ ਜੱਦੀ ਨਿਵਾਸ ਖਟਕੜ ਕਲਾਂ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪਾਵਨ ਅਸਥਾਨ ਖੁਰਾਲਗੜ੍ਹ ਸਾਹਿਬ, ਭਗਵਾਨ ਪਰਸ਼ੂਰਾਮ ਦੀ ਜਨਮ ਭੂਮੀ ਰਕਾਸਨ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਧਰਤੀ ਚਮਕੌਰ ਸਾਹਿਬ ਸਮੇਤ ਹੋਰ ਬਹੁਤ ਸਾਰੇ ਇਤਿਹਾਸਕ ਅਤੇ ਧਾਰਮਿਕ ਸਥਾਨ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਅਧੀਨ ਆਉਂਦੇ ਹਨ।
ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਦੇ ਹੋਏ ਕਿਹਾ ਕਿ ਜੇਕਰ ਇੱਥੇ ਸੈਰ ਸਪਾਟੇ ਦਾ ਘੇਰਾ ਵਧਾਇਆ ਜਾਵੇ ਅਤੇ ਇਸ ਦੀ ਵਿਸ਼ਵ ਪੱਧਰ 'ਤੇ ਮਾਰਕੀਟਿੰਗ ਕੀਤੀ ਜਾਵੇ ਤਾਂ ਲੱਖਾਂ ਵਿਦੇਸ਼ੀ ਅਤੇ ਭਾਰਤੀ ਸੈਲਾਨੀ ਇਸ ਲੋਕ ਸਭਾ ਹਲਕੇ 'ਚ ਆ ਸਕਦੇ ਹਨ, ਜਿਸ ਨਾਲ ਨਾ ਸਿਰਫ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਸਗੋਂ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਉਨ੍ਹਾਂ ਦੇ ਪ੍ਰਸਤਾਵ 'ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਉਹ ਜਲਦ ਹੀ ਕੇਂਦਰ ਸਰਕਾਰ ਨਾਲ ਇਸ ਦਿਸ਼ਾ 'ਚ ਯਤਨ ਸ਼ੁਰੂ ਕਰਨਗੇ ਤਾਂ ਜੋ ਇਸ ਪੂਰੇ ਖੇਤਰ 'ਚ ਸੈਰ-ਸਪਾਟੇ ਦਾ ਵਿਕਾਸ ਕੀਤਾ ਜਾ ਸਕੇ। ਗਜੇਂਦਰ ਸਿੰਘ ਸ਼ੇਖਾਵਤ ਦੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਜੇਂਦਰ ਸਿੰਘ ਸ਼ੇਖਾਵਤ ਵਰਗੇ ਯੋਗ ਵਿਅਕਤੀ ਨੂੰ ਸੈਰ-ਸਪਾਟਾ ਤੇ ਸੱਭਿਆਚਾਰ ਮੰਤਰੀ ਬਣਾਉਣ ਨਾਲ ਦੇਸ਼ 'ਚ ਸੱਭਿਆਚਾਰ ਦਾ ਵਿਕਾਸ ਹੋਵੇਗਾ ਅਤੇ ਸੈਰ-ਸਪਾਟੇ 'ਚ ਵੀ ਬਹੁਤ ਤੇਜ਼ੀ ਨਾਲ ਭਾਰਤ ਤਰੱਕੀ ਕਰੇਗਾ।