
ਘਰ ਤੋਂ ਸਮਾਨ ਲੈ ਕੇ ਸੁਰੱਖਿਅਤ ਜਗ੍ਹਾ ਵਲ ਜਾਂਦੇ ਸਮੇਂ ਵਾਪਰਿਆ ਹਾਦਸਾ
ਮੋਗਾ : ਧਰਮਕੋਟ ਇਲਾਕੇ ਦੇ ਪਿੰਡ ਸੰਘੇੜਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਦਸਿਆ ਜਾ ਰਿਹਾ ਹੈ ਕਿ ਪਿੰਡ ਵਿਚ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਇਸ ਦੌਰਾਨ ਹੀ ਮਲੂਕ ਸਿੰਘ ਪੁੱਤਰ ਵਧਾਵਾ ਸਿੰਘ ਵਾਸੀ ਪਿੰਡ ਸੰਘੇੜਾ ਘਰੋਂ ਕੁੱਝ ਸਮਾਨ ਲੈ ਕੇ ਸੁਰੱਖਿਅਤ ਥਾਂ ਵੱਲ ਜਾ ਰਿਹਾ ਸੀ ਪੈਰ ਤਿਲਕਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ।
ਇਹ ਵੀ ਪੜ੍ਹੋ: ਦੋ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਡੁੱਬਣ ਵਾਲਾ ਵਿਅਕਤੀ ਗੂੰਗਾ-ਬੋਲਾ ਸੀ। ਉਹ ਅਪਣਾ ਜ਼ਰੂਰੀ ਸਮਾਨ ਚੁੱਕ ਕੇ ਸੁਰੱਖਿਅਤ ਸਥਾਨ 'ਤੇ ਜਾ ਰਿਹਾ ਸੀ ਕਿ ਅਚਾਨਕ ਅਪਣਾ ਸੰਤੁਲਨ ਗੁਆ ਬੈਠਾ ਅਤੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਮੌਕੇ 'ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਵਿਅਕਤੀ ਅਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਅਤੇ ਡੁੱਬ ਗਿਆ।
ਦੱਸਣਯੋਗ ਹੈ ਕਿ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਮੋਗਾ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਬੰਨ੍ਹ ’ਤੇ ਮਿੱਟੀ ਪਾ ਕੇ ਇਸ ਨੂੰ ਉੱਚਾ ਕੀਤਾ ਜਾ ਰਿਹਾ ਹੈ। ਐਸ.ਡੀ.ਐਮ. ਧਰਮਕੋਟ ਚਾਰੂਮਿਤਾ ਨੇ ਪਹੁੰਚ ਕੇ ਦਸਿਆ ਕਿ ਮੋਗਾ ਦੇ 4 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਐਨ.ਡੀ.ਆਰ.ਐਫ਼. ਟੀਮ ਨੂੰ ਬੁਲਾਇਆ ਗਿਆ ਜਿਨ੍ਹਾਂ ਵਲੋਂ ਅਪਣੇ ਘਰਾਂ ਵਿਚ ਫਸੇ ਲੋਕਾਂ ਨੂੰ ਬਚਾਇਆ ਜਾਵੇਗਾ ਅਤੇ ਪ੍ਰਸ਼ਾਸਨ ਵਲੋਂ ਠੋਸ ਪ੍ਰਬੰਧ ਕੀਤੇ ਗਏ ਹਨ।