
ਬਾਈਕ 'ਤੇ ਸਵਾਰ ਹੋ ਕੇ ਆਏ ਸਨ ਨਕਾਬਪੋਸ਼ ਹਮਲਾਵਰ
Amritsar News : ਅੰਮ੍ਰਿਤਸਰ 'ਚ ਅਣਪਛਾਤੇ ਬਾਈਕ ਸਵਾਰ ਬਦਮਾਸ਼ਾਂ ਨੇ ਰਾਸ਼ਟਰੀ ਭਗਵਾ ਸੈਨਾ ਦੇ ਉਪ ਪ੍ਰਧਾਨ ਪ੍ਰਵੀਨ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ ਹਨ। ਇੱਕ ਗੋਲੀ ਪ੍ਰਵੀਨ ਦੇ ਮੋਢੇ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। 4 ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ ਹੈ। ਜ਼ਖਮੀ ਪ੍ਰਵੀਨ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪ੍ਰਵੀਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਸ਼ਟਰੀ ਭਗਵਾ ਸੈਨਾ ਦਾ ਉਪ ਪ੍ਰਧਾਨ ਹੈ। ਉਹ ਪਿਛਲੇ 12 ਸਾਲਾਂ ਤੋਂ ਉਸ ਸੰਸਥਾ ਲਈ ਕੰਮ ਕਰ ਰਿਹਾ ਹੈ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਬੀਤੀ ਰਾਤ ਕਰੀਬ 9.15 ਵਜੇ 4 ਨੌਜਵਾਨ ਮਜੀਠਾ ਰੋਡ 'ਤੇ ਉਸ ਦੇ ਈ-ਰਿਕਸ਼ਾ ਸ਼ੋਅਰੂਮ 'ਚ ਆਏ।
ਉਨ੍ਹਾਂ ਦੱਸਿਆ ਕਿ 2 ਨੌਜਵਾਨ ਬਾਹਰ ਖੜ੍ਹੇ ਸਨ ਅਤੇ 2 ਨੌਜਵਾਨ ਅੰਦਰ ਆ ਗਏ। ਉਨ੍ਹਾਂ ਨੌਜਵਾਨਾਂ ਦੇ ਚਿਹਰੇ ਢੱਕੇ ਹੋਏ ਸਨ। ਪ੍ਰਵੀਨ ਨੇ ਦੱਸਿਆ ਕਿ ਜਦੋਂ ਉਸ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਉਹ ਕੀ ਲੈਣਾ ਚਾਹੁੰਦੇ ਹਨ। ਉਦੋਂ ਹੀ ਉਨ੍ਹਾਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਸ ਨੇ ਕਿਸੇ ਤਰ੍ਹਾਂ ਗੋਲੀ ਤੋਂ ਬਚਨ ਦੀ ਕੋਸ਼ਿਸ਼ ਕੀਤੀ ਤਾਂ ਇਕ ਗੋਲੀ ਉਸ ਦੇ ਮੋਢੇ ਨਜ਼ਦੀਕ ਵੱਜੀ।
ਜਿਸ ਤੋਂ ਬਾਅਦ ਆਸ -ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ। ਪ੍ਰਵੀਨ ਨੇ ਦੱਸਿਆ ਕਿ ਉਹ ਕਾਰੋਬਾਰੀ ਹੈ। ਹਮਲਾ ਕਰਨ ਵਾਲੇ ਨੌਜਵਾਨ ਲੁੱਟਣ ਦੀ ਨੀਅਤ ਨਾਲ ਨਹੀਂ ਆਏ ਸਨ। ਉਹ ਬੱਸ ਫਾਇਰ ਕਰ ਕੇ ਭੱਜ ਗਏ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਹਮਲਾਵਰਾਂ ਨੂੰ ਜਲਦੀ ਹੀ ਫੜ ਲਵੇਗੀ।
ਰਾਸ਼ਟਰੀ ਭਗਵਾ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਦੱਸਿਆ ਕਿ ਪ੍ਰਸ਼ਾਸਨ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਕਰ ਰਿਹਾ ਹੈ। ਦੂਜੇ ਪਾਸੇ ਹਿੰਦੂ ਆਗੂਆਂ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਪੰਕਜ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦਾ ਗਰੁੱਪ ਚੁੱਪ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਸਿਰਫ਼ ਭਰੋਸਾ ਦਿੱਤਾ ਹੈ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਜੇਕਰ ਹਮਲਾਵਰ ਨਾ ਫੜੇ ਗਏ ਤਾਂ ਸੰਘਰਸ਼ ਕੀਤਾ ਜਾਵੇਗਾ।