
ਡੀ.ਆਈ.ਜੀ ਦਫ਼ਤਰ ਦੇ ਮੁਲਾਜ਼ਮਾਂ ਨੇ ਪੈਸੇ ਇਕੱਠੇ ਕਰ ਕੇ ਜੋੜੇ ਨੂੰ ਦਵਾਇਆ ਮੋਟਰਸਾਈਕਲ
Disabled Couple Came to Collect Pension, Motorcycle Stolen in Firozpur Latest News in Punjabi ਬੀਤੇ ਦਿਨੀ ਇਕ ਅੰਗਹੀਣ ਜੋੜਾ ਅਪਣੀ ਪੈਨਸ਼ਨ ਲੈਣ ਦੇ ਚੱਕਰਾਂ ’ਚ ਅਪਣਾ ਮੋਟਰਸਾਈਕਲ ਚੋਰੀ ਕਰਵਾ ਬੈਠਾ। ਇਕ ਸਮਾਜ ਸੇਵੀ ਨੇ ਇਨ੍ਹਾਂ ਦੀ ਮਦਦ ਲਈ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਦਿਤੀ, ਜਿਸ ਨੂੰ ਵੇਖ ਕੇ ਡੀ.ਆਈ.ਜੀ ਦਫ਼ਤਰ ਦੇ ਮੁਲਾਜ਼ਮਾਂ ਨੇ ਉਕਤ ਅੰਗਹੀਣ ਜੋੜੇ ਨੂੰ ਇਕ ਪੁਰਾਣਾ ਮੋਟਰਸਾਈਕਲ ਖ਼ਰੀਦ ਕੇ ਦੇ ਦਿਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਦੁਲੇ ਕੇ ਨੱਥੂ ਵਾਲਾ ਦੇ ਵਸਨੀਕ ਕੁਲਵੰਤ ਸਿੰਘ ਨੇ ਦਸਿਆ ਕਿ ਉਹ ਦੋਵੇਂ ਪਤੀ ਪਤਨੀ ਅੰਗਹੀਣ ਹਨ ਅਤੇ ਅਪਣੀ ਪੈਨਸ਼ਨ ਲੈਣ ਲਈ ਜਦ ਉਹ ਫ਼ਿਰੋਜ਼ਪੁਰ ਦੇ ਐਸ.ਬੀ.ਆਈ ਬੈਂਕ ਵਿਚ ਪੈਨਸ਼ਨ ਲੈਣ ਆਏ ਤਾਂ ਬੈਂਕ ਕਰਮਚਾਰੀ ਨੇ ਉਨ੍ਹਾਂ ਦਾ ਨਾਮ ਗਲਤ ਪਾਏ ਜਾਣ ’ਤੇ ਅੰਗਹੀਣ ਸਰਟੀਫ਼ਿਕੇਟ ਲਿਆਉਣ ਲਈ ਕਿਹਾ। ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟਣ ਉਪਰੰਤ ਜਦ ਉਹ ਹਸਪਤਾਲ ਦੇ ਬਾਹਰ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ।
ਅੰਗਹੀਣ ਜੋੜੇ ਨਾਲ ਹੋਈ ਇਸ ਘਟਨਾ ਨੂੰ ਲੈ ਕੇ ਇਕ ਸਮਾਜ ਸੇਵੀ ਨੇ ਅੰਗਹੀਣ ਜੋੜੇ ਦੀ ਮਦਦ ਦੀ ਗੁਹਾਰ ਦੀ ਇਕ ਪੋਸਟ ਸ਼ੋਸ਼ਲ ਮੀਡੀਆ ’ਤੇ ਪਾ ਦਿਤੀ। ਜਿਸ ਨੂੰ ਵੇਖ ਡੀ.ਆਈ.ਜੀ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਮੁਲਾਜ਼ਮਾਂ ਨੇ ਉਕਤ ਅੰਗਹੀਣ ਜੋੜੇ ਦੀ ਮਦਦ ਕਰਦਿਆਂ ਇਕ ਪੁਰਾਣਾ ਮੋਟਰਸਾਈਕਲ ਖ਼ਰੀਦ ਕੇ ਦੇ ਦਿਤਾ। ਕੁਲਵੰਤ ਸਿੰਘ ਨੇ ਭਾਵੁਕ ਹੁੰਦਿਆਂ ਜਿੱਥੇ ਦਫ਼ਤਰ ਦੇ ਮੁਲਾਜ਼ਮਾਂ ਦਾ ਧਨਵਾਦ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਦਾ ਮੋਟਰਸਾਈਕਲ ਲੱਭ ਜਾਵੇਗਾ ਤਾਂ ਉਹ ਇਹ ਮੋਟਰਸਾਈਕਲ ਮੁਲਾਜਮਾਂ ਨੂੰ ਵਾਪਸ ਕਰ ਦੇਣਗੇ।
(For more news apart from Disabled Couple Came to Collect Pension, Motorcycle Stolen in Firozpur Latest News in Punjabi stay tuned to Rozana Spokesman.)